ਵਿਧਾਨ ਸਭਾ ''ਚ ਸੀਟਾਂ ਦਾ ਰੱਦੋ-ਬਦਲ, ਸਿੱਧੂ ਹੋਏ ਫਾਡੀ, ਸੁਖਬੀਰ ਦੀ ਥਾਂ ਆਏ ਢੀਂਡਸਾ

Friday, Aug 02, 2019 - 06:55 PM (IST)

ਵਿਧਾਨ ਸਭਾ ''ਚ ਸੀਟਾਂ ਦਾ ਰੱਦੋ-ਬਦਲ, ਸਿੱਧੂ ਹੋਏ ਫਾਡੀ, ਸੁਖਬੀਰ ਦੀ ਥਾਂ ਆਏ ਢੀਂਡਸਾ

ਚੰਡੀਗੜ੍ਹ :  ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਹੁਣ ਪੰਜਾਬ ਵਿਧਾਨ ਸਭਾ 'ਚ ਦੂਸਰੀ ਕਤਾਰ ਦੇ ਅੰਤ 'ਚ ਬੈਠਣਗੇ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੀ ਸੀਨੀਅਰਤਾ ਕਾਂਗਰਸ ਦੇ ਛੇ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਤੋਂ ਬਾਅਦ ਬਣ ਗਈ ਹੈ। ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਜੈਤੋਂ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਸਿਟਿੰਗ ਪਲਾਨ 'ਚ ਵੀ ਬਦਲਾਅ ਕੀਤਾ ਗਿਆ ਹੈ।

ਵੀਰਵਾਰ ਨੂੰ ਸਭ ਦੀਆਂ ਨਜ਼ਰਾਂ ਨਵਜੋਤ ਸਿੱਧੂ ਦੇ ਸਿਟਿੰਗ ਪਲਾਨ 'ਤੇ ਟਿਕੀਆਂ ਸਨ। ਦੇਰ ਸ਼ਾਮ ਤਕ ਕਾਂਗਰਸ ਵਲੋਂ ਸਿੱਧੂ ਦਾ ਸਿਟਿੰਗ ਪਲਾਨ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਨਹੀਂ ਭੇਜਿਆ ਗਿਆ ਸੀ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੰਤਰੀਆਂ ਦੀ ਕਤਾਰ ਖਤਮ ਹੋਣ ਤੋਂ ਬਾਅਦ ਲੁਧਿਆਣਾ ਦੇ ਵਿਧਾਇਕ ਰਾਕੇਸ਼ ਪਾਂਡੇ ਬੈਠਣਗੇ। ਜਿਸ ਤੋਂ ਬਾਅਦ ਨਵਜੋਤ ਸਿੱਧੂ ਦੀ ਸੀਟ ਅਲਾਟ ਕੀਤੀ ਗਈ ਹੈ। 

ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਨਵਜੋਤ ਸਿੱਧੂ ਨੂੰ ਰਾਣਾ ਗੁਰਜੀਤ ਸਿੰਘ ਦੇ ਨਾਲ ਬਿਠਾਇਆ ਜਾ ਸਕਦਾ ਹੈ। ਰਾਣਾ ਗੁਰਜੀਤ ਸਿੰਘ ਵੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇ ਚੁੱਕੇ ਹਨ। ਰਾਣਾ ਨੂੰ ਮੁੱਖ ਮੰਤਰੀ ਦੀ ਸੀਟ ਪਿੱਛੇ ਤੀਸਰੀ ਕਤਾਰ 'ਚ ਸੀਟ ਅਲਾਟ ਕੀਤੀ ਗਈ ਹੈ। 

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਵਿਚ ਵੀ ਫੇਰਬਦਲ ਹੋਇਆ ਹੈ ਕਿਉਂਕਿ ਸੁਖਬੀਰ ਬਾਦਲ ਲੋਕ ਸਭਾ ਮੈਂਬਰ ਬਣਨ ਕਰਕੇ ਹੁਣ ਜਲਾਲਾਬਾਦ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਦੀ ਸੀਟ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਅਲਾਟ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਵਿਧਾਇਕਾਂ ਦੇ ਸਿਟਿੰਗ ਪਲਾਨ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਰਮਿੰਦਰ ਢੀਂਡਸਾ ਦੀ ਸੀਟ ਰੱਖੀ ਗਈ ਹੈ ਜੋ ਪਹਿਲਾਂ ਸੁਖਬੀਰ ਬਾਦਲ ਦੀ ਹੁੰਦੀ ਸੀ। ਢੀਂਡਸਾ ਤੋਂ ਬਾਅਦ ਬਿਕਰਮ ਮਜੀਠੀਆ ਤੇ ਉਸ ਤੋਂ ਪਿੱਛੇ ਸ਼ਰਨਜੀਤ ਢਿੱਲੋਂ ਨੂੰ ਸੀਟ ਦਿੱਤੀ ਗਈ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਹਾਊਸ ਵਿਚ ਸੀਟਾਂ ਦੀ ਅਲਾਟਮੈਂਟ ਪਾਰਟੀ ਦੇ ਹੱਥ ਹੁੰਦੀ ਹੈ। ਪਾਰਟੀ ਸੀਟਾਂ ਦੀ ਲਿਸਟ ਬਣਾ ਕੇ ਵਿਧਾਨ ਸਭਾ ਵਿਚ ਜਮਾਂ ਕਰਵਾਉਂਦੀ ਹੈ। ਵਿਧਾਇਕ ਉਨ੍ਹਾਂ ਮੁਤਾਬਕ ਹੀ ਹਾਊਸ ਵਿਚ ਬੈਠਦੇ ਹਨ।


author

Gurminder Singh

Content Editor

Related News