ਸੁਸ਼ੀਲ ਰਿੰਕੂ ਦੀ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ''ਗੱਦਾਰ'' ਕਹਿਣ ਦੀ ਵੀਡੀਓ ਵਾਇਰਲ
Thursday, Apr 06, 2023 - 12:58 PM (IST)
ਜਲੰਧਰ (ਸੋਮਨਾਥ)–ਪੰਜਾਬ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਸੂਬੇ ਦੀ ਵਾਗਡੋਰ ਜਦੋਂ ਆਮ ਆਦਮੀ ਪਾਰਟੀ ਦੇ ਹੱਥ ਵਿਚ ਆਈ ਤਾਂ ਦੂਜੀਆਂ ਪਾਰਟੀਆਂ ਦੇ ਛੋਟੇ ਤੋਂ ਲੈ ਕੇ ਵੱਡੇ ਨੇਤਾਵਾਂ ਵੱਲੋਂ ਪਾਲਾ ਬਦਲਦੇ ਦੇਰ ਨਹੀਂ ਲੱਗੀ। ਇਸੇ ਤਰ੍ਹਾਂ ਜਲੰਧਰ ਤੋਂ ਵੀ ਕਈ ਟਕਸਾਲੀ ਕਾਂਗਰਸੀ ਨੇਤਾਵਾਂ ਸਮੇਤ ਕਈ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਵਾਲਿਆਂ ਲਈ ਸੁਸ਼ੀਲ ਰਿੰਕੂ ਨੇ 'ਗੱਦਾਰ' ਦਾ ਨਾਂ ਦਿੱਤਾ ਸੀ। ਇਹੀ ਨਹੀਂ, ਦਿਨ ਭਰ ਵਾਇਰਲ ਹੋਈ ਇਕ ਵੀਡੀਓ ਵਿਚ ਸੁਸ਼ੀਲ ਰਿੰਕੂ ਕਹਿ ਰਿਹਾ ਹੈ ਕਿ ਕਾਂਗਰਸ ਭਵਨ ਵਿਚ ਕੰਧ ਬਣਾਈ ਜਾਣੀ ਚਾਹੀਦੀ ਹੈ, ਜਿਸ ’ਤੇ ਇਨ੍ਹਾਂ ਗੱਦਾਰਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸੁਸ਼ੀਲ ਰਿੰਕੂ ਇਹ ਵੀ ਕਹਿ ਰਹੇ ਹਨ ਕਿ ਜੋ ਗੱਦਾਰ ਦੂਜੀਆਂ ਪਾਰਟੀਆਂ ਵਿਚ ਚਲੇ ਗਏ ਹਨ, ਜੇਕਰ ਉਹ ਘਰ ਵਾਪਸੀ ਕਰਦੇ ਹਨ ਤਾਂ ਉਨ੍ਹਾਂ ਨੂੰ ਸਿੱਧੇ ਵਾਪਸ ਨਾ ਲੈ ਕੇ ਉਨ੍ਹਾਂ ਦੀ ਕਾਂਗਰਸ ਭਵਨ ਵਿਚ ਇਕ ਮਹੀਨੇ ਤੱਕ ਪਾਣੀ ਪਿਲਾਉਣ ਦੀ ਡਿਊਟੀ ਲਗਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਬੁੱਧਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਰਿੰਕੂ ਨੂੰ ਫਗਵਾੜਾ ਦੇ ਐੱਲ. ਪੀ. ਯੂ. ਵਿਖੇ ਰੱਖੇ ਗਏ ਇਕ ਪ੍ਰੋਗਰਾਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਫਗਵਾੜਾ ਵਿੱਚ ਯੋਗਸ਼ਾਲਾ ਦਾ ਉਦਘਾਟਨ ਕੀਤਾ ਗਿਆ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਦਾ ਪਾਰਟੀ ਵਿਚ ਆਉਣ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ 'ਆਪ' ਸੁਪਰੀਮੋ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਵਾਂਗਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪਰਿਵਾਰ ਦਿਨੋ-ਦਿਨ ਵਧਦਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਵਿਚ ਹਮੇਸ਼ਾ ਸਵਾਗਤ ਹੈ। ਇਕ ਵੱਡੇ ਪਰਿਵਾਰ ਦੇ ਨਾਲ ਅਸੀਂ ਲੋਕਾਂ ਦੀ ਬਿਹਤਰ ਸੇਵਾ ਕਰ ਸਕਾਂਗੇ।
ਇਹ ਵੀ ਪੜ੍ਹੋ :ਜਲੰਧਰ 'ਚ ਵੱਡੀ ਵਾਰਦਾਤ, ਕਾਂਗਰਸ ਨੇਤਰੀ ਕਮਲਜੀਤ ਮੁਲਤਾਨੀ ਦੇ ਬੇਟੇ ਦਾ ਸ਼ੱਕੀ ਹਾਲਾਤ 'ਚ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
