ਵੀਡੀਓ ਬਣਾ ਰਹੇ ਪੀ. ਸੀ. ਆਰ. ਮੁਲਾਜ਼ਮ ’ਤੇ ਹਮਲਾ

07/16/2018 7:01:32 AM

ਲੁਧਿਆਣਾ, (ਮਹੇਸ਼)- ਪਿੰਡ ਭੱਟੀਆਂ ਦੇ ਹਜੂਰੀ ਬਾਗ ’ਚ 2 ਧਿਰਾਂ ’ਚ ਹੋ ਰਹੇ ਵਿਵਾਦ ਦੀ ਵੀਡੀਓ ਬਣਾਉਣੀ ਪੀ. ਸੀ. ਆਰ. ਦੇ ਇਕ ਮੁਲਾਜ਼ਮ ਨੂੰ ਭਾਰੀ ਪੈ ਗਈ। ਖੁਦ ਦੀ ਮੂਵੀ ਬਣਦੀ ਦੇਖ ਕੇ ਇਕ ਧਿਰ ਦੇ ਲੋਕਾਂ ਨੇ ਉਸ ’ਤੇ ਹਮਲਾ ਕਰਕੇ ਉਸ ਦੀ ਵਰਦੀ ਪਾਡ਼ ਦਿੱਤੀ ਤੇ ਮੋਬਾਇਲ ਤੋਡ਼ ਦਿੱਤਾ। ਕਿਸੇ ਤਰ੍ਹਾਂ ਪੁਲਸ ਮੁਲਾਜ਼ਮ ਨੇ ਆਪਣੀ ਜਾਨ ਬਚਾਈ।  ਸਲੇਮ ਟਾਬਰੀ ਪੁਲਸ ਨੇ ਸਿਪਾਹੀ ਜਗਦੀਪ ਸਿੰਘ ਦੀ ਸ਼ਿਕਾਇਤ ’ਤੇ ਪਰਮਿੰਦਰ ਕੁਮਾਰ ਉਰਫ ਪਿੰਦੀ ਦੇ ਭਰਾ ਤੇ ਪਿਤਾ ਛਿੰਦਰਪਾਲ ਸਮੇਤ ਇਕ ਦਰਜਨ ਲੋਕਾਂ ’ਤੇ ਸਰਕਾਰੀ ਮੁਲਾਜ਼ਮ ਨਾਲ ਕੁੱਟਮਾਰ ਕਰਨ, ਡਿਊਟੀ ’ਚ ਵਿਘਨ ਪਾਉਣ ਸਮੇਤ ਹੋਰ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਛਿੰਦਰਪਾਲ ਤੇ ਉਸਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਪਿੰਦੀ ਤੇ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।
 ਜਗਦੀਪ ਨੇ ਦੱਸਿਆ ਕਿ ਉਸ ਦੀ ਡਿਊਟੀ 60 ਨੰਬਰ ਮੋਟਰਸਾਈਕਲ ’ਤੇ ਹੈ। ਉਹ ਤੇ ਸਾਥੀ ਸਿਪਾਹੀ ਬਿਕਰਮਜੀਤ ਸਿੰਘ ਹਜੂਰੀ ਬਾਗ ਕਾਲੋਨੀ ਸ਼ੁੱਕਰਵਾਰ ਰਾਤ ਨੂੰ ਗਸ਼ਤ ਕਰ ਰਹੇ ਸਨ। ਉਨ੍ਹਾਂ  ਦੇਖਿਆ ਕਿ 2 ਧਿਰਾਂ ’ਚ ਝਗਡ਼ਾ ਹੋ ਰਿਹਾ ਹੈ। ਛਿੰਦਰਪਾਲ ਦੂਜੇ ਧਿਰ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਸੀ। ਕਾਫੀ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨੇ ਤਾਂ ਉਸ ਨੇ ਮੋਬਾਇਲ ’ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਦੋਸ਼ੀ ਗਾਲ੍ਹਾਂ ਕੱਢਣ ਲੱਗਾ। ਜਦ ਉਸ ਨੇ ਵਿਰੋਧ ਕੀਤਾ ਤਾਂ ਉਹ ਆਪਣੇ ਸਾਥੀਆਂ ਸਮੇਤ ਉਸ ’ਤੇ ਟੁੱਟ ਪਿਆ। ਦੋਸ਼ੀਆਂ ਨੇ ਉਸ ਦਾ ਮੋਬਾਇਲ ਤੋੜ ਦਿੱਤਾ  ਤੇ ਧੱਕਾ-ਮੁੱਕੀ ਕਰਦੇ ਹੋਏ ਵਰਦੀ ਪਾਡ਼ ਦਿੱਤੀ, ਜਿਸ ’ਤੇ ਬਾਅਦ ’ਚ ਪੁਲਸ ਨੂੰ ਸ਼ਿਕਾਇਤ ਦਿੱਤੀ। 
 


Related News