ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਕਰਨਾਲ ਜੇਲ ’ਚੋਂ ਗੈਂਗਸਟਰ ਭੂਪੀ ਰਾਣਾ ਨੂੰ ਲਿਆ ਵਾਰੰਟ ’ਤੇ
Wednesday, May 04, 2022 - 05:59 PM (IST)
ਮੋਹਾਲੀ (ਪਰਦੀਪ) : ਯੂਥ ਅਕਾਲੀ ਆਗੂ ਵਿਕਰਮ ਸਿੰਘ ਉਰਫ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਮੋਹਾਲੀ ਪੁਲਸ ਵਲੋਂ ਕਰਨਾਲ ਜੇਲ ਵਿਚ ਬੰਦ ਗੈਂਗਸਟਰ ਭੁਪਿੰਦਰ ਉਰਫ਼ ਭੂਪੀ ਰਾਣਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਪੁਲਸ ਵਲੋਂ ਭੂਪੀ ਰਾਣਾ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕਰਦਿਆਂ ਤਰਕ ਦਿੱਤਾ ਗਿਆ ਕਿ ਪਹਿਲਾਂ ਤੋਂ ਪੁਲਸ ਰਿਮਾਂਡ ’ਤੇ ਚੱਲ ਰਹੇ ਅਨਿਲ ਕੁਮਾਰ ਲੱਠ, ਸੱਜਣ ਸਿੰਘ ਉਰਫ ਭੋਲੂ ਅਤੇ ਅਜੇ ਕੁਮਾਰ ਉਰਫ ਸੰਨੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਭੂਪੀ ਰਾਣਾ ਦੇ ਬੰਦਿਆਂ ਨੇ ਉਨ੍ਹਾਂ ਨੂੰ ਅਸਲਾ ਅਤੇ ਗੱਡੀ ਮੁਹੱਈਆ ਕਰਵਾਈ ਸੀ।
ਇਹ ਵੀ ਪੜ੍ਹੋ : ਬਲਾਤਕਾਰ ਮਾਮਲੇ ’ਚ ਫਸੇ ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ’ਚ ਲੱਗੇ ਪੋਸਟਰ
ਭੂਪੀ ਰਾਣਾ ਦੀ ਗੈਂਗਸਟਰ ਕੌਸ਼ਲ ਚੌਧਰੀ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਗੱਲਬਾਤ ਹੋਈ ਦੱਸੀ ਜਾ ਰਹੀ ਹੈ, ਜਦਕਿ ਭੂਪੀ ਰਾਣਾ ਦੀ ਅਰਮੀਨੀਆ ’ਚ ਬੈਠੇ ਗੌਰਵ ਉਰਫ਼ ਲੱਕੀ ਪਟਿਆਲ ਨਾਲ ਵੀ ਗੱਲਬਾਤ ਹੋਈ ਸੀ । ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਾਰਦਾਤ ਦੌਰਾਨ ਵਰਤੀ ਗਈ ਆਈ-20 ਕਾਰ ਹਰਿਆਣਾ ਤੋਂ ਬਰਾਮਦ ਕਰ ਲਈ ਗਈ ਹੈ ਅਤੇ ਉਕਤ ਸ਼ੂਟਰਾਂ ਕੋਲੋਂ ਇਸ ਵਾਰਦਾਤ ਦੌਰਾਨ ਵਰਤਿਆ ਅਸਲਾ ਬਰਾਮਦ ਕਰਵਾਉਣਾ ਹੈ ਅਤੇ ਇਸ ਕਤਲ ਦੀ ਅਸਲ ਵਜ੍ਹਾ ਸਬੰਧੀ ਵੀ ਜਾਣਕਾਰੀ ਹਾਸਲ ਕਰਨੀ ਹੈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭੂਪੀ ਰਾਣਾ ਨੂੰ 5 ਮਈ ਤਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਅਤੇ ਭੂਪੀ ਰਾਣਾ ਦੇ ਨਾਲ ਲੱਠ ਭੋਲੂ ਅਤੇ ਸੰਨੀ ਨੂੰ ਵੀ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਕੇਜਰੀਵਾਲ ਨੂੰ ਤਿੱਖੇ ਸਵਾਲ, ਰੇਤ ਮਾਮਲੇ ਨੂੰ ਲੈ ਕੇ ਬੋਲਿਆ ਵੱਡਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?