3 ਗੋਲਡ, 2 ਸਿਲਵਰ ਜਿੱਤਣ ਵਾਲੇ ਗੌਂਡਰ ਨੇ ਡਿਸਕਸ ਥ੍ਰੋ ਛੱਡ ਕੇ ਫੜ੍ਹ ਲਈ ਸੀ ਪਿਸਟਲ
Wednesday, Jun 01, 2022 - 10:12 AM (IST)
ਨੈਸ਼ਨਲ ਡੈਸਕ (ਬਿਊਰੋ)- ਪੰਜਾਬ ਦੇ ਇਕ ਕਿਸਾਨ ਪਰਿਵਾਰ ਵਿਚ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਦਾ ਜਨਮ ਹੋਇਆ ਸੀ। ਪਿਤਾ-ਮਾਂ ਜ਼ਿਲਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ ਵਿਚ ਰਹਿੰਦੇ ਸਨ। ਇਹ ਪਿੰਡ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨਸਭਾ ਖੇਤਰ ਵਿਚ ਆਉਂਦਾ ਹੈ, ਜਿਸਦਾ ਨਾਂ ਹੈ ਲੰਬੀ। ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਵੀ ਇਕ ਨਾਮ ਸੀ, ਜੋ ਕਦੇ ਡਿਸਕਸ ਥ੍ਰੋ ਦਾ ਬਿਹਤਰੀਨ ਖਿਡਾਰੀ ਹੋਇਆ ਕਰਦਾ ਸੀ। ਪਰ ਸਮੇਂ ਦਾ ਪਹੀਆ ਅਜਿਹਾ ਘੁੰਮਿਆ ਕਿ ਵਿੱਕੀ ਗੌਂਡਰ ਕੁੱਖਿਆਤ ਅਪਰਾਧੀ ਵਿਚ ਤਬਦੀਲ ਹੋ ਗਿਆ। ਕਿਹਾ ਜਾਂਦਾ ਹੈ ਕਿ ਵਿੱਕੀ ਗੌਂਡਰ ਇਕ ਸ਼ਾਰਪ ਸ਼ੂਟਰ ਸੀ। ਕਿਸੇ ਦੀ ਹੱਤਿਆ ਕਰਨ ਤੋਂ ਬਾਅਦ ਉਹ ਲਾਸ਼ ਕੋਲ ਭੰਗੜਾ ਪਾਉਂਦਾ ਸੀ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਮਾਮਲੇ 'ਚ ਅਪਰਾਧ ਸਥਾਨ ਦੇ 1 km ਖੇਤਰ ਦੇ ਡੰਪ ਡਾਟਾ ਦੀ ਹੋਵੇਗੀ ਜਾਂਚ
ਗ੍ਰਾਊਂਡ ਵਿਚ ਰਹਿੰਦਾ ਸੀ, ਨਾਮ ਪਿਆ ਗ੍ਰਾਊਂਡਰ
ਹਰਜਿੰਦਰ ਭੁੱਲਰ ਦੀ ਸ਼ੁਰੂਆਤੀ ਸਿੱਖਿਆ ਪਿੰਡ ਵਿਚ ਹੀ ਹੋਈ। ਇੱਥੇ ਰਹਿ ਕੇ ਉਸ ਨੇ ਸਟੇਟ ਲੈਵਲ ਤੱਕ ਡਿਸਕਸ ਥ੍ਰੋ ਖੇਡ ਵਿਚ ਮੈਡਲ ਜਿੱਤੇ ਪਰ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਅਤੇ ਟ੍ਰੇਨਿੰਗ ਲਈ ਜਲੰਧਰ ਚਲਾ ਗਿਆ ਅਤੇ ਸਪੀਡ ਫੰਡ ਐਕੇਡਮੀ ਜੁਆਇਨ ਕਰ ਲਈ। ਵਿੱਕੀ ਗੌਂਡਰ ਬਚਪਨ ਤੋਂ ਹੀ ਗੁੱਸੇ ਵਾਲੇ ਸੁਭਾਅ ਦਾ ਸੀ ਅਤੇ ਇਸ ਗੱਲ ਨੂੰ ਮਾਤਾ-ਪਿਤਾ ਨੇ ਵੀ ਕੋਚਿੰਗ ਐਕੇਡਮੀ ਵਾਲਿਆਂ ਨੂੰ ਦੱਸ ਦਿੱਤਾ ਸੀ। ਪਰ ਡਿਸਕਸ ਥ੍ਰੋ ਵਿਚ ਅੱਵਲ ਖਿਡਾਰੀ ਅਤੇ ਔਸਤ ਦਰਜੇ ਦੇ ਵਿਦਿਆਰਥੀ ਹੋਣ ਦੇ ਨਾਤੇ ਉਸ ਨੂੰ ਸਾਰੇ ਪਿਆਰ ਕਰਦੇ ਸਨ। ਦਿਨ ਭਰ ਗ੍ਰਾਊਂਡ ਵਿਚ ਪ੍ਰੈਕਟਿਸ ਕਰਨ ਦੇ ਚਲਦੇ ਹੀ ਉਸ ਦਾ ਨਾਮ ਵਿੱਕੀ ਗ੍ਰਾਊਂਡਰ ਪੈ ਗਿਆ ਸੀ, ਪਰ ਆਮ ਬੋਲ-ਚਾਲ ਵਿਚ ਗ੍ਰਾਊਂਡਰ ਸ਼ਬਦ ਗੌਂਡਰ ਵਿਚ ਬਦਲ ਗਿਆ। ਜਲੰਧਰ ਦੀ ਐਕੇਡਮੀ ਵਿਚ ਵਿੱਕੀ ਕਦੇ-ਕਦੇ ਕਿਸੇ ਨਾਲ ਭਿੜ ਜਾਂਦਾ ਸੀ। ਪਰ ਪਹਿਲੀ ਵਾਰ ਸਾਲ 2008 ਵਿਚ ਉਹ ਅਪਰਾਧ ਦੀ ਦੁਨੀਆ ਵਿਚ ਉਦੋਂ ਆਇਆ, ਜਦੋਂ ਉਸ ਦਾ ਸੰਪਰਕ ਅਕੈਡਮੀ ਦੇ ਹੀ ਨਵਪ੍ਰੀਤ ਉਰਫ਼ ਲਵਲੀ ਬਾਬਾ ਨਾਲ ਹੋਇਆ। ਲਵਲੀ ਬਾਬਾ ਦੇ ਸੰਪਰਕ ਉਦੋਂ ਦੇ ਖ]ਤਰਨਾਕ ਗੈਂਗਸਟਰ ਪ੍ਰੇਮਾ ਲਹੌਰੀਆ ਅਤੇ ਸੁੱਖਾ ਕਾਹਲਵਾਂ ਨਾਲ ਸਨ। ਥੋੜ੍ਹੇ ਦਿਨਾਂ ਵਿਚ ਹੀ ਵਿੱਕੀ ਵੀ ਦੋਵਾਂ ਗੈਂਗਸਟਰਾਂ ਦੇ ਕਰੀਬ ਆ ਗਿਆ।
ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ
ਫੌਜ ਤੋਂ ਨੌਕਰੀ ਦੀ ਵੀ ਪੇਸ਼ਕਸ਼ ਹੋਈ ਸੀ
ਵਿੱਕੀ ਨੂੰ ਐਕੇਡਮੀ ਵਿਚ ਟ੍ਰੇਨਿੰਗ ਦੌਰਾਨ ਹੀ ਫੌਜ ਤੋਂ ਨੌਕਰੀ ਦੀ ਪੇਸ਼ਕਸ਼ ਵੀ ਹੋਈ ਪਰ ਉਸ ਨੇ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰੀ ਪੱਧਰ ’ਤੇ ਤਿੰਨ ਗੋਲਡ ਮੈਡਲ ਅਤੇ ਦੋ ਸਿਲਵਰ ਮੈਡਲ ਜਿੱਤਣ ਵਾਲੇ ਵਿੱਕੀ ਦਾ ਮਕਸਦ ਹੁਣ ਬਦਲ ਚੁੱਕਿਆ ਸੀ। ਸਾਲ 2010 ਵਿਚ ਅਪਰਾਧੀ ਸੁੱਖਾ ਨੇ ਲਵਲੀ ਬਾਬਾ ਦਾ ਮਰਡਰ ਕਰ ਦਿੱਤਾ ਤਾਂ ਵਿੱਕੀ ਅਤੇ ਪ੍ਰੇਮਾ ਲਹੌਰੀਆ ਦੋਵਾਂ ਨੇ ਬਦਲਾ ਲੈਣਾ ਚਾਹਿਆ। ਲਵਲੀ ਦੀ ਹੱਤਿਆ ਦੇ ਬਾਅਦ ਹੀ ਸੁੱਖਾ ਪੁਲਸ ਦੇ ਹੱਥੇ ਚੜ੍ਹ ਗਿਆ ਅਤੇ ਜਨਵਰੀ, 2015 ਵਿਚ ਇਕ ਦਿਨ ਜਲੰਧਰ ਕੋਰਟ ਵਿਚ ਪੇਸ਼ੀ ਦੌਰਾਨ ਹੀ ਵਿੱਕੀ ਅਤੇ ਪ੍ਰੇਮਾ ਨੇ ਸੁੱਖਾ ’ਤੇ ਹਮਲਾ ਕਰ ਦਿੱਤਾ। ਭਿਆਨਕ ਗੋਲੀਬਾਰੀ ਵਿਚ ਸੁੱਖਾ ਮਾਰਿਆ ਗਿਆ।
ਇਹ ਵੀ ਪੜ੍ਹੋ: ਈਰਾਨ 'ਚ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਪੱਥਰ ਮਾਰ-ਮਾਰ ਕੇ ਉਤਾਰਿਆ ਜਾਵੇਗਾ ਮੌਤ ਦੇ ਘਾਟ
ਦਸੰਬਰ, 2015 ਵਿਚ ਵਿੱਕੀ ਗੌਂਡਰ ਨੂੰ ਤਰਨਤਾਰਨ ਤੋਂ ਫੜ੍ਹਿਆ ਗਿਆ ਅਤੇ ਰੋਪੜ ਜੇਲ ਲਿਜਾਇਆ ਗਿਆ। ਫਿਰ ਉਸ ਨੂੰ ਨਾਭਾ ਜੇਲ ਭੇਜ ਦਿੱਤਾ ਗਿਆ। ਵਿੱਕੀ ਇੱਥੇ 11 ਮਹੀਨੇ ਰਿਹਾ ਪਰ ਨਵੰਬਰ, 2016 ਵਿਚ ਜੇਲ ਤੋਂ ਭੱਜ ਨਿੱਕਲਿਆ। ਨਾਭਾ ਜੇਲ ਬ੍ਰੇਕ ਕਾਂਡ ਵਿਚ ਉਹ 5 ਸਾਥੀਆਂ ਦੇ ਨਾਲ ਫਰਾਰ ਹੋਇਆ ਸੀ ਅਤੇ ਉਸ ’ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ। 27 ਜਨਵਰੀ 2018 ਵਿਚ ਪੁਲਸ ਨੇ ਸ਼੍ਰੀਗੰਗਾਨਗਰ ਵਿਚ ਵਿੱਕੀ ਅਤੇ ਉਸ ਦੇ ਸਾਥੀ ਨੂੰ ਘੇਰ ਲਿਆ ਅਤੇ ਮਾਰ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।