ਡੇਰਾ ਸਿਰਸਾ ਦੇ ਵਾਈਸ ਚੇਅਰਪਰਸਨ ਡਾ. ਨੈਨ ਨੂੰ ਹਾਈਕੋਰਟ ਵੱਲੋਂ ਦਿੱਤੀ ਰਾਹਤ 16 ਦਸੰਬਰ ਤਕ ਵਧੀ
Thursday, Dec 09, 2021 - 06:19 PM (IST)
ਫ਼ਰੀਦਕੋਟ (ਰਾਜਨ)-ਬੇਅਦਬੀ ਮਾਮਲੇ 2015 ਦੀ ਜਾਂਚ ਕਰ ਰਹੀ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਡੇਰਾ ਸਿਰਸਾ ਦੇ ਵਾਈਸ ਚੇਅਰਪਰਸਨ ਡਾ. ਪੀ. ਆਰ. ਨੈਨ ਨੂੰ ਦਿੱਤੀ ਰਾਹਤ 16 ਦਸੰਬਰ ਤਕ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਸ ਨੂੰ ਜਾਂਚ ਦਾ ਹਿੱਸਾ ਬਣਾਉਂਦਿਆਂ ਪੁੱਛਗਿੱਛ ਕਰਨ ਲਈ ਸੰਮਨ ਕੀਤਾ ਜਾ ਰਿਹਾ ਸੀ। ਉਸ ਵੱਲੋਂ ਆਪਣੀ ਸੰਭਾਵੀ ਗ੍ਰਿਫ਼ਤਾਰੀ ਤੋਂ ਬਚਣ ਲਈ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਅੱਜ ਸੁਣਵਾਈ ਕਰਦਿਆਂ ਜੋ ਪਹਿਲਾਂ ਰਾਹਤ ਦਿੱਤੀ ਗਈ ਸੀ, ਉਸ ’ਚ ਵਾਧਾ ਕਰ ਦਿੱਤਾ ਗਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਬੀਤੀ 8 ਨਵੰਬਰ ਨੂੰ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਜਾ ਕੇ ਸਜ਼ਾਯਾਫ਼ਤਾ ਡੇਰਾ ਮੁਖੀ ਰਾਮ ਰਹੀਮ ਕੋਲੋਂ ਕਈ ਸਵਾਲਾਂ ਦੇ ਜਵਾਬ ਮੰਗੇ ਗਏ ਸਨ। ਇਸ ਦੌਰਾਨ ਇਕ ਸਵਾਲ ਅਜਿਹਾ ਵੀ ਆਇਆ ਸੀ, ਜਿਸ ਦੇ ਜਵਾਬ ’ਚ ਡੇਰਾ ਮੁਖੀ ਨੇ ਡੇਰੇ ਦੇ ਪ੍ਰਬੰਧਕਾਂ ਤੋਂ ਜਾਣਕਾਰੀ ਲੈਣ ਦੀ ਗੱਲ ਆਖੀ ਸੀ।
ਇਸ ਉਪਰੰਤ ਸਿੱਟ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਵਾਈਸ ਚੇਅਰਪਰਸਨ ਡਾ. ਪੀ. ਆਰ. ਨੈਨ ਨੂੰ ਬੀਤੇ ਦਿਨੀਂ ਤਿੰਨ ਵਾਰ ਸੰਮਨ ਜਾਰੀ ਕਰ ਕੇ ਆਈ. ਜੀ. ਦਫ਼ਤਰ ਲੁਧਿਆਣਾ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਤੇ ਤਿੰਨੋਂ ਵਾਰ ਇਨ੍ਹਾਂ ਦੇ ਕਥਿਤ ਮੈਡੀਕਲੀ ਫਿੱਟ ਨਾ ਹੋਣ ਦੀ ਸੂਰਤ ’ਚ ਆਪਣੀ ਹਾਜ਼ਰੀ ਆਈ. ਜੀ. ਦਫ਼ਤਰ ਵਿਖੇ ਨਹੀਂ ਦਿੱਤੀ ਸੀ, ਜਿਸ ’ਤੇ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠਲੀ ਚਾਰ ਮੈਂਬਰੀ ਸਿੱਟ ਬੀਤੀ 6 ਦਸੰਬਰ ਨੂੰ ਡੇਰਾ ਸਿਰਸਾ ਵਿਖੇ ਪੁੱਜੀ ਸੀ ਪਰ ਇਹ ਦੋਵੇਂ ਡੇਰਾ ਪ੍ਰਬੰਧਕ ਉਸ ਵੇਲੇ ਵੀ ਡੇਰੇ ’ਚ ਹਾਜ਼ਰ ਨਹੀਂ ਮਿਲੇ ਸਨ। ਵਾਈਸ ਚੇਅਰਪਰਸਨ ਡਾ. ਪੀ. ਆਰ. ਨੈਨ ਨੇ ਮਾਣਯੋਗ ਪੰਜਾਬ-ਹਰਿਆਣਾ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਣੀ ਗ੍ਰਿਫ਼ਤਾਰੀ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਇਹ ਮੰਗ ਵੀ ਕੀਤੀ ਸੀ ਕਿ ਜੇਕਰ ਸਿੱਟ ਬੇਅਦਬੀ ਮਾਮਲਿਆਂ ’ਚ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਪਹਿਲਾਂ ਇਕ ਹਫ਼ਤੇ ਦਾ ਨੋਟਿਸ ਜਾਰੀ ਕੀਤਾ ਜਾਵੇ ਤਾਂ ਜੋ ਉਹ ਆਪਣੀ ਅਗੇਤੀ ਜ਼ਮਾਨਤ ਲੈ ਸਕੇ। ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਮਾਣਯੋਗ ਪੰਜਾਬ-ਹਾਈਕੋਰਟ ਵੱਲੋਂ ਡਾ. ਪੀ. ਆਰ. ਨੈਨ ਨੂੰ ਰਾਹਤ ਦਿੰਦਿਆਂ ਪੰਜਾਬ ਸਰਕਾਰ, ਸਿੱਟ ਅਤੇ ਡੀ. ਜੀ. ਪੀ. ਪੰਜਾਬ ਨੂੰ 9 ਦਸੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਇਸ ਦੌਰਾਨ ਇਹ ਹੁਕਮ ਵੀ ਜਾਰੀ ਕੀਤੇ ਸਨ ਕਿ ਬੇਅਦਬੀ ਮਾਮਲਿਆਂ ’ਚ ਡਾ. ਪੀ. ਆਰ. ਨੈਨ ਨੂੰ ਬਤੌਰ ਗਵਾਹ ਟ੍ਰੀਟ ਕੀਤਾ ਜਾਵੇ। ਜੇਕਰ ਸਿੱਟ ਡਾ. ਪੀ. ਆਰ. ਨੈਨ ਖ਼ਿਲਾਫ਼ ਕੋਈ ਹੋਰ ਕਾਰਵਾਈ ਕਰਦੀ ਹੈ ਤਾ ਪਹਿਲਾਂ 7 ਦਿਨ ਦਾ ਨੋਟਿਸ ਜਾਰੀ ਕੀਤਾ ਜਾਵੇ। ਇਸ ਪਟੀਸ਼ਨ ’ਤੇ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।