ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ 25 ਨੂੰ 'ਪੰਜਾਬ ਬੰਦ' ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ
Tuesday, Sep 22, 2020 - 02:49 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਕੇਵਲ ਸਿੰਘ ਸਿੱਧੂ, ਰਾਜੀਵ ਮਲਹੋਤਰਾ, ਗੁਰਦੀਪ ਸਿੰਘ ਬਾਸੀ, ਰਾਮ ਲੁਭਾਇਆ, ਮਨਦੀਪ ਸਿੰਘ ਸਿੰਘ, ਹਰਪਰੀਤ ਸਿੰਘ ਸਿੱਧੂ, ਜਗਰਾਜ ਸਿੰਘ ਟੱਲੇਵਾਲ ਜਸਬੀਰ ਸਿੰਘ ਰਾਣਾ, ਰਾਜਿੰਦਰ ਕੁਮਾਰ, ਬਲਦੇਵ ਸਿੰਘ ਸਿੱਧੂ, ਹਰਪ੍ਰੀਤ ਸਿੰਘ ਜੀਰਾ, ਗੁਰਮੀਤ ਮਹਿਤਾ, ਜਸਕਰਨ ਸਿੰਘ ਮੋਹਾਲੀ, ਦਲਜੀਤ ਸਿੰਘ ਰਾਜਾਤਾਲ, ਸਤਨਾਮ ਸਿੰਘ ਢੀਂਡਸਾ, ਕਿਸ਼ਨ ਚੰਦਰ ਮਹਾਜਨ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਦੇ ਕਿਸਾਨ ਮਾਰੂ ਆਰਡੀਨੈਂਸਾ ਦੇ ਵਿਰੋਧ 'ਚ ਕਿਸਾਨ ਜੱਥੇਬੰਦੀਆਂ ਨੇ 25 ਸਤੰਬਰ ਨੂੰ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਹੈ, ਵੈਟਨਰੀ ਇੰਸਪੈਕਟਰਦ਼ ਐਸੋਸੀਏਸ਼ਨ ਉਸ ਪੰਜਾਬ ਬੰਦ ਦਾ ਪੁਰਜ਼ੋਰ ਸਮਰਥਨ ਕਰੇਗੀ ਤੇ ਕਿਸਾਨ ਮਾਰੂ ਆਰਡੀਨੈਂਸ ਜਿੰਨੀ ਦੇਰ ਭਾਰਤ ਸਰਕਾਰ ਵਾਪਸ ਨਹੀਂ ਲੈਂਦੀ, ਓਨੀ ਦੇਰ ਪੰਜਾਬ ਦੇ ਅੰਨਦਾਤਾ ਕਿਸਾਨ ਨਾਲ ਡੱਟ ਕੇ ਖੜ੍ਹੀ ਰਹੇਗੀ।
ਸੱਚਰ ਅਤੇ ਮਹਾਜਨ ਨੇ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਰਤੀ ਕਾਮਿਆਂ ਨੂੰ ਸੱਦਾ ਦਿੱਤਾ ਕਿ ਇਕੱਲੇ-ਇਕੱਲੇ ਇਨ੍ਹਾਂ ਸਰਕਾਰਾਂ ਦਾ ਜ਼ੁਲਮ ਸਹਿਣ ਕਰਨ ਦੀ ਬਜਾਏ ਇਕ ਤਕੜਾ ਪਲੇਟਫਾਰਮ ਉਸਾਰੀਏ ਤਾਂ ਕਿ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਰਤੀ ਕਾਮਿਆਂ ਨੂੰ ਕੁਝ ਚੋਣਵੇਂ ਪੂੰਜੀਪਤੀਆਂ ਦੀ ਕਠਪੁਤਲੀ ਬਣਾਉਣ ਦੇ ਸਰਕਾਰਾਂ ਦੇ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ।