ਨਵਜੋਤ ਸਿੱਧੂ ਨੂੰ ਸਮਰਥਨ ਦੇਣ ਵਾਲੇ ਦਿੱਗਜ ਨੇਤਾ ਅਵਤਾਰ ਹੈਨਰੀ ਨੇ ਕੈਪਟਨ ਨਾਲ ਕੀਤੀ ਮੁਲਾਕਾਤ

Tuesday, Aug 03, 2021 - 12:29 AM (IST)

ਨਵਜੋਤ ਸਿੱਧੂ ਨੂੰ ਸਮਰਥਨ ਦੇਣ ਵਾਲੇ ਦਿੱਗਜ ਨੇਤਾ ਅਵਤਾਰ ਹੈਨਰੀ ਨੇ ਕੈਪਟਨ ਨਾਲ ਕੀਤੀ ਮੁਲਾਕਾਤ

ਜਲੰਧਰ (ਚੋਪੜਾ)- ਦੋਆਬਾ ਖੇਤਰ ਵਿਚ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹ ਕੇ ਸਮਰਥਨ ਦੇਣ ਵਾਲੇ ਦਿੱਗਜ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਲਗਭਗ ਇਕ ਘੰਟਾ ਇਸ ਬੈਠਕ ਵਿਚ ਦੋਵਾਂ ਨੇਤਾਵਾਂ ਨੇ ਸਿਆਸਤ ਸਮੇਤ ਕਈ ਵਿਸ਼ਿਆਂ ’ਤੇ ਡੂੰਘੀ ਚਰਚਾ ਕੀਤੀ। ਹੈਨਰੀ ਨੇ ਦੱਸਿਆ ਕਿ ਉਹ ਪੰਜਾਬ ਮੋਟਰ ਯੂਨੀਅਨ ਦੇ ਪ੍ਰਧਾਨ ਹਨ ਅਤੇ ਸੂਬੇ ਭਰ ਦੇ ਟਰਾਂਸਪੋਰਟਰਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੈਪਟਨ ਨੂੰ ਮਿਲੇ ਸਨ।

ਇਹ ਵੀ ਪੜ੍ਹੋ- BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਬਰਾਮਦ

ਉਨ੍ਹਾਂ ਕਿਹਾ ਕਿ ਕੈਪਟਨ ਸਾਡੇ ਮੁੱਖ ਮੰਤਰੀ ਤੇ ਸਨਮਾਨਯੋਗ ਨੇਤਾ ਹਨ ਅਤੇ ਸਿੱਧੂ ਸਾਡੇ ਸੂਬਾ ਪ੍ਰਧਾਨ ਹਨ। ਉਨ੍ਹਾਂ ਨਾਲ ਮੁਲਾਕਾਤ ਹੋਣੀ ਅਤੇ ਵੱਖ-ਵੱਖ ਮਾਮਲਿਆਂ ’ਤੇ ਗੱਲਬਾਤ ਹੋਣੀ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕੋਈ ਧੜ੍ਹੇਬੰਦੀ ਨਹੀਂ ਹੈ ਅਤੇ ਸਾਰੇ ਨੇਤਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ’ਚ ਇਕ ਪਲੇਟਫਾਰਮ ’ਤੇ ਕੰਮ ਕਰਦੇ ਹੋਏ 2022 ਵਿਚ ਕਾਂਗਰਸ ਨੂੰ ਮੁੜ ਸੱਤਾ ਦਿਵਾਉਣਗੇ।

ਇਹ ਵੀ ਪੜ੍ਹੋ- ਦੇਰ ਰਾਤ ਸਾਬਕਾ DGP ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਉਨ੍ਹਾਂ ਦੇ ਘਰ ਪੁੱਜੀ ਵਿਜੀਲੈਂਸ ਦੀ ਟੀਮ

ਹੈਨਰੀ ਨੇ ਕਿਹਾ ਇਸ ਬੈਠਕ ਦਾ ਮੁੱਖ ਏਜੰਡਾ ਸੂਬੇ ਦੇ ਬਦਹਾਲ ਹੋਏ ਟਰਾਂਸਪੋਰਟ ਕਾਰੋਬਾਰ ਬਾਰੇ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਦੌਰ ’ਚ ਪਿਛਲੇ ਡੇਢ ਸਾਲ ਤੋਂ ਬੱਸਾਂ, ਟਰੱਕਾਂ ਵਾਲਿਆਂ ਦਾ ਤੇ ਹੋਰ ਟਰਾਂਸਪੋਰਟ ਕਾਰੋਬਾਰ ਹਾਸ਼ੀਏ ਤਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਡੀਜ਼ਲ ਦੀ ਕੀਮਤ 25 ਰੁਪਏ ਤਕ ਵਧ ਚੁੱਕੀ ਹੈ, ਜਿਸ ਕਾਰਨ ਬੱਸਾਂ ਤੇ ਟਰੱਕਾਂ ਦੇ ਕਿਰਾਏ-ਭਾੜੇ ਤਕ ਕੱਢਣ ’ਚ ਮੁਸ਼ਕਲ ਆ ਰਹੀ ਹੈ। ਇਸ ਕਾਰੋਬਾਰ ਨਾਲ ਜੁੜੇ ਲੱਖਾਂ ਲੋਕਾਂ ’ਤੇ ਰੋਜ਼ਗਾਰ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਹੈਨਰੀ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੋਲ ਇਸ ਕਾਰੋਬਾਰ ਨੂੰ ਬਚਾਉਣ ਲਈ ਵਿਸ਼ੇਸ਼ ਰਿਆਇਤਾਂ ਦੇਣ ਦੀ ਮੰਗ ਰੱਖੀ ਹੈ।


author

Bharat Thapa

Content Editor

Related News