ਸਹੀ ਸਮੇਂ ’ਤੇ ਵੈਂਟੀਲੇਟਰ ਨਾ ਮਿਲਣ ਕਾਰਨ ਵਿਅਕਤੀ ਦੀ ਮੌਤ

Sunday, May 09, 2021 - 04:31 PM (IST)

ਨੂਰਪੁਰਬੇਦੀ (ਕੁਲਦੀਪ ਸ਼ਰਮਾ/ਤਰਨਜੀਤ) : ਨਜ਼ਦੀਕੀ ਪਿੰਡ ਨਲਹੋਟੀ ਉਪਰਲੀ ਵਿਖੇ ਬੀਤੇ ਕੱਲ ਇਕ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਉਪਰੰਤ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਸਰਬਜੀਤ ਸਿੰਘ ਉਰਫ ਸੋਨਾ (38) ਪੁੱਤਰ ਬਾਬਾ ਚੰਨਣ ਸਿੰਘ ਖਾਲਸਾ ਨੂੰ ਸ਼ੂਗਰ ਦੀ ਸ਼ਿਕਾਇਤ ਆਉਣ ਉਪਰੰਤ ਨਿੱਜੀ ਹਸਪਤਾਲ ਨੂਰਪੁਰਬੇਦੀ ਵਿਖੇ ਲਿਜਾਇਆ ਗਿਆ ਸੀ ਜਿੱਥੇ ਉਸ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਜ਼ੇਰੇ ਇਲਾਜ 4 ਮਈ ਨੂੰ ਕੀਤੇ ਗਏ ਕੋਰੋਨਾ ਟੈਸਟ ’ਚ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਸਰਬਜੀਤ ਨੂੰ ਕੋਰੋਨਾ ਵਾਰਡ ’ਚ ਤਬਦੀਲ ਕੀਤਾ ਗਿਆ ਪਰ ਬੀਤੇ ਕੱਲ ਉਸ ਦੀ ਮੌਤ ਹੋ ਗਈ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਆਪਣੇ ਮਰੀਜ਼ ਨੂੰ ਚੰਡੀਗੜ੍ਹ ਦੇ ਹਸਪਤਾਲ ਲੈ ਕੇ ਗਏ ਤਾਂ ਉਥੋਂ ਦੇ ਡਾਕਟਰਾਂ ਵਲੋਂ ਪਹਿਲੇ ਦਿਨ ਵੈਂਟੀਲੇਟਰ ਨਹੀਂ ਮਿਲ ਸਕਿਆ ਅਤੇ ਦੂਜਾ ਸੀਨੀਅਰ ਡਾਕਟਰਾਂ ਵਲੋਂ ਇਹ ਕਹਿ ਕੇ ਪਰੇਸ਼ਾਨ ਕੀਤਾ ਗਿਆ ਕਿ ਪੰਜਾਬ ਦੇ ਮਰੀਜ਼ਾਂ ਲਈ ਪੰਜਾਬ ’ਚ ਕੋਵਿਡ ਸੈਂਟਰ ਬਣਾਏ ਹੋਏ ਹਨ, ਇਸ ਲਈ ਪੰਜਾਬ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ ਹਸਪਤਾਲਾਂ ’ਚ ਦਾਖ਼ਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਦਿਨ ਹੀ ਵੈਂਟੀਲੇਟਰ ਮਿਲ ਜਾਂਦਾ ਤਾਂ ਸ਼ਾਇਦ ਮਰੀਜ਼ ਦੀ ਜਾਨ ਬਚ ਜਾਂਦੀ। ਉਨ੍ਹਾਂ ਉਥੋਂ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀ ਸਥਿਤੀ ’ਚ ਮਰੀਜ਼ਾਂ ਨਾਲ ਚੰਗਾ ਵਰਤਾਓ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਕੀ ਕਹਿੰਦੇ ਹਨ ਹਲਕਾ ਵਿਧਾਇਕ
ਪਿੰਡ ਨਲਹੋਟੀ ਉਪਰਲੀ ਵਿਖੇ ਸਰਬਜੀਤ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮਹਾਮਾਰੀ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਇਲਾਕੇ ’ਚ ਕੋਈ ਵੀ ਵਧੀਆ ਹਸਪਤਾਲ ਨਹੀਂ ਬਣਾ ਸਕਿਆ ਕਿਉਂਕਿ ਚੰਡੀਗੜ੍ਹ ਵਰਗੇ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਨੂੰ ਵੈਂਟੀਲੇਟਰ ਲਈ ਦੋ-ਦੋ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਲਈ ਮਰੀਜ਼ਾਂ ਦੀਆਂ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਸਰਕਾਰ ਜ਼ਿੰਮੇਵਾਰ ਹੈ।


Gurminder Singh

Content Editor

Related News