ਵਾਹਨਾਂ ਦੀ ਆਰ. ਸੀ. ਜਾਰੀ ਕਰਦੇ ਸਮੇਂ ਨਹੀਂ ਰੱਖਿਆ ਜਾਂਦਾ ਕਾਨੂੰਨਾਂ ਦਾ ਧਿਆਨ
Thursday, Jan 18, 2018 - 03:54 PM (IST)
ਜਲੰਧਰ (ਅਮਿਤ)— ਕੁਝ ਸਮੇਂ ਤੋਂ ਪੂਰੇ ਸ਼ਹਿਰ ਵਿਚ ਹਾਟ-ਟਾਕ ਬਣੇ ਪੁਰਾਣੀ ਸੀਰੀਜ਼ ਦੇ ਛੋਟੇ ਨੰਬਰਾਂ ਦੀਆਂ ਨਵੀਆਂ ਗੱਡੀਆਂ ਦੇ ਗੋਰਖਧੰਦੇ ਸਬੰਧੀ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। 'ਜਗ ਬਾਣੀ' ਟੀਮ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਸਗੋਂ ਬਹੁਤ ਵੱਡਾ ਹੈ ਅਤੇ ਇਸ ਵਿਚ 1-2 ਨਹੀਂ ਸਗੋਂ ਪੂਰੀਆਂ 64 ਆਰ. ਸੀਜ਼ ਇਸ ਤਰ੍ਹਾਂ ਦੀਆਂ ਹਨ, ਜੋ ਸਾਰੇ ਨਿਯਮ ਕਾਨੂੰਨ ਨੂੰ ਛਿੱਕੇ ਟੰਗ ਕੇ ਬਣਾਈਆਂ ਗਈਆਂ ਹਨ। 'ਜਗ ਬਾਣੀ' ਟੀਮ ਕੋਲ ਇਕ ਹੋਰ ਇਸ ਤਰ੍ਹਾਂ ਦੀ ਆਰ. ਸੀ. ਦਾ ਪਤਾ ਚੱਲਿਆ ਹੈ ਕਿ ਜਿਸ ਵਿਚ ਜਾਅਲੀ ਐੱਫ. ਆਈ. ਆਰ. ਅਤੇ ਜਾਅਲੀ ਇੰਸ਼ੋਰੈਂਸ ਦਾ ਇਸਤੇਮਾਲ ਕਰ ਕੇ ਪੁਰਾਣੀ ਸੀਰੀਜ਼ ਵਾਲੀ ਆਰ. ਸੀਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿਚ ਜਦੋਂ ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ।
ਚੁਨਮੁਨ ਮਾਲ ਕੋਲ ਸਥਿਤ ਏਜੰਟ ਦਾ ਨਾਂ ਚਰਚਾ 'ਚ
ਪੂਰੇ ਦਫਤਰ ਵਿਚ ਇਸ ਗੱਲ ਦੀ ਚਰਚਾ ਜਾਰੀ ਹੈ ਕਿ ਆਰ. ਸੀਜ਼ ਦਾ ਕੰਮ ਦੇਖਣ ਵਾਲੇ ਇਕ ਨਿੱਜੀ ਕਰਿੰਦੇ ਜਿਸ ਦੇ ਕੋਲ ਪੁਰਾਣੇ ਛੋਟੇ ਸੀਰੀਜ਼ ਦੇ ਰਜਿਸਟਰ ਹੋਇਆ ਕਰਦੇ ਸਨ, ਨੇ ਆਪਣੇ ਇਕ ਪਛਾਣ ਵਾਲੇ ਏਜੰਟ ਨਾਲ ਮਿਲ ਕੇ ਹੀ ਆਰ. ਸੀਜ਼ ਦੇ ਪੂਰੇ ਘਪਲੇ ਨੂੰ ਅੰਜਾਮ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਮਸ਼ਹੂਰ ਚੁਨਮੁਨ ਮਾਲ ਕੋਲ ਸਥਿਤ ਏਜੰਟ ਦੇ ਦਫਤਰ ਵਿਚ ਹੀ ਇਸ ਮਾਸਟਰ ਪਲਾਨ ਨੂੰ ਅਮਲੀਜਾਮਾ ਪਹਿਨਾਇਆ ਗਿਆ ਸੀ। ਉਕਤ ਏਜੰਟ ਨੇ ਵੱਡੀ ਗਿਣਤੀ ਵਿਚ ਪੁਰਾਣੀ ਸੀਰੀਜ਼ ਦੇ ਨੰਬਰਾਂ ਵਾਲੀਆਂ ਆਰ. ਸੀਜ਼ ਦਫਤਰ ਵਿਚ ਆਪਣੀ ਸੈਟਿੰਗ ਦੇ ਦਮ 'ਤੇ ਜਾਰੀ ਕਰਵਾਈਆਂ ਹਨ ਅਤੇ ਜੇਕਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਕਈ ਵੱਡੇ ਲੋਕਾਂ ਦੇ ਚਿਹਰੇ ਤੋਂ ਨਕਾਬ ਉੱਠ ਸਕਦਾ ਹੈ।
ਅਧਿਕਾਰੀਆਂ ਦੇ ਹਸਤਾਖਰ 'ਤੇ ਨੰਬਰ ਜਾਰੀ ਹੋਣਾ ਵੀ ਚਰਚਾ ਦਾ ਬਣਿਆ ਵਿਸ਼ਾ
ਪੁਰਾਣੇ ਨੰਬਰਾਂ ਦੀਆਂ ਆਰ. ਸੀਜ਼ ਵਾਲੀਆਂ ਫਾਈਲਾਂ 'ਤੇ ਅਧਿਕਾਰੀਆਂ ਦੇ ਹਸਤਾਖਰ ਹੋਣਾ ਅਤੇ ਬਾਅਦ ਵਿਚ ਵਿਭਾਗ ਵੱਲੋਂ ਨੰਬਰ ਵੀ ਜਾਰੀ ਹੋ ਜਾਣਾ ਆਪਣੇ ਆਪ ਵਿਚ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਥੇ ਆਮ ਜਨਤਾ ਨੂੰ ਨੰਬਰ ਰਿਟੇਨ ਕਰਨ ਤੋਂ ਸਾਫ ਤੌਰ 'ਤੇ ਮਨ੍ਹਾ ਕੀਤਾ ਜਾਂਦਾ ਰਿਹਾ ਹੈ, ਉਥੇ ਦੂਸਰੇ ਪਾਸੇ ਏਜੰਟਾਂ ਦੀ ਸੈਟਿੰਗ ਦੇ ਦਮ 'ਤੇ ਹਰ ਕੰਮ ਬੜੀ ਆਸਾਨੀ ਨਾਲ ਹੋ ਜਾਂਦਾ ਹੈ। ਜੇਕਰ ਅਧਿਕਾਰੀ ਨੇ ਖੁਦ ਹਸਤਾਖਰ ਨਹੀਂ ਕੀਤੇ ਹਨ ਤਾਂ ਕੀ ਕਿਸੇ ਕਲਰਕ ਨੇ ਜਾਅਲੀ ਹਸਤਾਖਰ ਕਰਕੇ ਸਾਰੇ ਕੰਮ ਨੂੰ ਅੰਜਾਮ ਦਿੱਤਾ ਹੈ। ਇਸ ਪਹਿਲੂ 'ਤੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।