ਵਾਹਨ ਦੇ ਚਲਾਨ ਤੋਂ ਬਚਣਾ ਹੈ ਤਾਂ ਕਰੋ ਇਹ ਕੰਮ, ਆਖਰੀ ਤਰੀਕ 31 ਜੁਲਾਈ ਤੱਕ ਵਧੀ

Friday, Jun 19, 2020 - 03:03 PM (IST)

ਵਾਹਨ ਦੇ ਚਲਾਨ ਤੋਂ ਬਚਣਾ ਹੈ ਤਾਂ ਕਰੋ ਇਹ ਕੰਮ, ਆਖਰੀ ਤਰੀਕ 31 ਜੁਲਾਈ ਤੱਕ ਵਧੀ

ਲੁਧਿਆਣਾ (ਸੰਨੀ) : ਆਉਣ ਵਾਲੇ ਦਿਨਾਂ ’ਚ ਜੇਕਰ ਵਾਹਨ ਦੇ ਚਲਾਨ ਤੋਂ ਬਚਣਾ ਹੈ ਤਾਂ ਵਾਹਨ ਦਾ ਸਾਰਾ ਡਾਟਾ ਟਰਾਂਸਪੋਰਟ ਮਹਿਕਮੇ ਦੇ ਆਨਲਾਈਨ ਪੋਰਟਲ 'ਤੇ ਦਰਜ ਕਰਨਾ ਜ਼ਰੂਰੀ ਹੋਵੇਗਾ। ਇਸ ਨੂੰ ਬੈਕਲਾਗ ਐਂਟਰੀ ਦਾ ਨਾਮ ਦਿੱਤਾ ਗਿਆ ਹੈ। ਪਹਿਲਾਂ ਇਹ ਸਹੂਲਤ ਮਹਿਕਮੇ ਦੇ ਕੋਲ ਸੀ ਪਰ ਹੁਣ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਪਹਿਲਾਂ ਇਸ ਦੀ ਆਖਰੀ ਤਰੀਕ 14 ਜੂਨ ਸੀ ਪਰ ਹੁਣ ਇਸ ਨੂੰ ਵਧਾ ਕੇ 31 ਜੁਲਾਈ ਕਰ ਦਿੱਤਾ ਗਿਆ ਹੈ। ਲੋਕ ਮਹਿਕਮੇ ਦੀ ਵੈੱਬਸਾਈਟ www.punjabtransport.org ’ਤੇ ਜਾ ਕੇ ਆਪਣੇ ਵਾਹਨਾਂ ਦਾ ਡਾਟਾ ਖੁਦ ਹੀ ਘਰ ਬੈਠੇ ਦਰਜ ਕਰ ਸਕਦੇ ਹਨ। ਡਾਟਾ ਦਰਜ ਕਰਨ ਤੋਂ ਬਾਅਦ ਸਰਕਾਰ ਕੋਲ ਲੋਕਾਂ ਦੇ ਵਾਹਨਾਂ ਦੀ ਆਰ. ਸੀ., ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਦੀ ਵੈਧਤਾ ਦਾ ਸਾਰਾ ਰਿਕਾਰਡ ਰਹੇਗਾ। ਇਹ ਇਕ ਤਰ੍ਹਾਂ ਨਾਲ ਆਪਣੇ ਵਾਹਨ ਦੇ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਨ ਵਰਗਾ ਹੈ। ਅਧਿਕਾਰੀ ਵਾਹਨ ਦਾ ਨੰਬਰ ਦਰਜ ਕਰਦੇ ਹੀ ਇਕ ਕਲਿੱਕ ’ਤੇ ਵਾਹਨ ਦੀ ਸਾਰੀ ਜਾਣਕਾਰੀ ਹਾਸਲ ਕਰ ਸਕਣਗੇ।
ਜਾਅਲਸਾਜ਼ੀ ’ਤੇ ਲੱਗੇਗੀ ਲਗਾਮ
ਵਾਹਨਾਂ ਦਾ ਰਿਕਾਰਡ ਡਿਜ਼ੀਟਲ ਕਰਨ ਤੋਂ ਬਾਅਦ ਦੇਸ਼ 'ਚ ਵਾਹਨਾਂ ਦੇ ਨਾਂ ’ਤੇ ਹੋਣ ਵਾਲੀ ਜਾਅਲਸਾਜ਼ੀ ’ਤੇ ਕਾਫੀ ਹੱਦ ਤੱਕ ਲਗਾਮ ਕੱਸੀ ਜਾ ਸਕੇਗੀ। ਦੇਸ਼ 'ਚ ਚੋਰੀ ਦੇ ਵਾਹਨਾਂ ਨੂੰ ਮੁੜ ਰਜਿਸਟਰਡ ਕਰਵਾ ਕੇ ਉਨ੍ਹਾਂ ਨੂੰ ਅੱਗੇ ਵੇਚਣ ਵਾਲੇ ਕਾਫੀ ਗਿਰੋਹ ਸਰਗਰਮ ਹਨ। ਇਹ ਯੋਜਨਾ ਸਫਲ ਹੁੰਦੇ ਹੀ ਅਜਿਹੇ ਗਿਰੋਹੀ ਜਾਅਲਸਾਜ਼ੀ ਨਹੀਂ ਕਰ ਸਕਣਗੇ।
ਸਰਕਾਰ ਭੇਜੇਗੀ ਵੈਧਤਾ ਖਤਮ ਹੋਣ ਦਾ ਸੁਨੇਹਾ
ਮਾਹਰਾਂ ਦਾ ਕਹਿਣਾ ਹੈ ਕਿ ਇਕ ਵਾਰ ਦੇਸ਼ ਦੇ ਸਾਰੇ ਵਾਹਨਾਂ ਦਾ ਡਾਟਾ ਡਿਜ਼ੀਟਲ ਹੋਣ ਤੋਂ ਬਾਅਦ ਸਰਕਾਰਾਂ ਲਈ ਜਿੱਥੇ ਭਵਿੱਖ ਦੀਆਂ ਯੋਜਨਾਵਾਂ ਬਣਾਉਣਾ ਸੌਖਾ ਹੋਵੇਗਾ, ਉੱਥੇ ਕਿਸੇ ਵਾਹਨ ਦੀ ਆਰ. ਸੀ., ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਫਿਟਨੈੱਸ ਸਰਟੀਫਿਕੇਟ ਆਦਿ ਦੀ ਵੈਧਤਾ ਖਤਮ ਹੋਣ ਤੋਂ ਇਕ ਮਹੀਨਾ ਪਹਿਲਾਂ ਹੀ ਮੋਬਾਇਲ ਫੋਨ ’ਤੇ ਸੁਨੇਹਾ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਜਿੱਥੇ ਲੋਕਾਂ ਦੇ ਕਾਗਜ਼ ਸਮੇਂ ’ਤੇ ਰਿਨਿਊ ਹੋਣਗੇ, ਉੱਥੇ ਸਰਕਾਰ ਦੇ ਰੈਵੇਨਿਊ 'ਚ ਵੀ ਵਾਧਾ ਹੋਵੇਗਾ। ਇਸ ਦੇ ਨਾਲ ਹੀ ਨਾਕਿਆਂ ’ਤੇ ਕਿਸੇ ਵਾਹਨ ਨੂੰ ਰੋਕਣ ’ਤੇ ਉਸ ਦਾ ਨੰਬਰ ਮੋਬਾਇਲ ਐੱਪ ’ਤੇ ਦਰਜ ਕਰਦੇ ਹੀ ਅਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਚਾਲਕ ਕੋਲ ਕਿਸੇ ਕਾਗਜ਼ ਦੀ ਕਮੀ ਹੈ।
ਇਹ ਜਾਣਕਾਰੀਆਂ ਦਰਜ ਕਰਨੀਆਂ ਪੈਣਗੀਆਂ
ਨਾਮ, ਪਤਾ, ਚੈਸੀ ਨੰਬਰ, ਇੰਜਣ ਨੰਬਰ, ਵਾਹਨ ਦੀ ਕਿਸਮ, ਤੇਲ ਦੀ ਕਿਸਮ, ਸਮਰੱਥਾ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਦੀ ਜਾਣਕਾਰੀ, ਮੋਬਾਇਲ ਨੰਬਰ ਆਦਿ ਦਰਜ ਕਰਨੀ ਹੋਵੇਗੀ, ਜਿਸ ਤੋਂ ਬਾਅਦ ਵਾਹਨ ਦਾ ਸਾਰਾ ਰਿਕਾਰਡ ਡਿਜ਼ੀਟਲ ਹੋ ਜਾਵੇਗਾ। ਕਾਗਜ਼ ਦੀ ਵੈਧਤਾ ਖਤਮ ਹੋਣ ’ਤੇ ਨਿਯਮ ਸਮਾਂ ਬੀਤਣ ਤੋਂ ਬਾਅਦ ਸਰਕਾਰ ਵਾਹਨ ਮਾਲਕ ਦੇ ਰਜਿਸਟਰਡ ਪਤੇ ’ਤੇ ਚਲਾਨ ਵੀ ਭੇਜ ਸਕਦੀ ਹੈ।


 


author

Babita

Content Editor

Related News