ਹੁਣ ਸ਼ਹਿਰ ਦੀਆਂ ਸੜਕਾਂ ’ਤੇ ਨਹੀਂ ਦੌੜਨਗੇ ਬਿਨਾਂ ਨੰਬਰ ਦੇ ਵਾਹਨ

Wednesday, Dec 15, 2021 - 03:36 PM (IST)

ਹੁਣ ਸ਼ਹਿਰ ਦੀਆਂ ਸੜਕਾਂ ’ਤੇ ਨਹੀਂ ਦੌੜਨਗੇ ਬਿਨਾਂ ਨੰਬਰ ਦੇ ਵਾਹਨ

ਲੁਧਿਆਣਾ (ਸੰਨੀ) : ਮਹਾਨਗਰ ਦੀਆਂ ਸੜਕਾਂ ’ਤੇ ਹੁਣ ਬਿਨਾਂ ਨੰਬਰ ਦੇ ਜਾਂ ਟੈਂਪਰੇਰੀ ਨੰਬਰ ’ਤੇ ਵਾਹਨ ਦੌੜਦੇ ਨਹੀਂ ਨਜ਼ਰ ਆਉਣਗੇ। ਸੁਪਰੀਮ ਕੋਰਟ ਵੱਲੋਂ ਤੈਅ ਕੁੱਝ ਸ਼ਰਤਾਂ ਪੂਰੀਆਂ ਕਰ ਕੇ ਵਾਹਨ ਮਾਲਕ ਆਪਣੇ ਬੀ. ਐੱਸ.-4 ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਦੇ ਲਈ ਵਾਹਨ ਮਾਲਕਾਂ ਨੂੰ ਇਕ ਪਰਫੋਰਮਾ ਭਰ ਕੇ ਸਥਾਨਕ ਆਰ. ਟੀ. ਏ. ਦਫ਼ਤਰ ਵਿਚ ਜਮ੍ਹਾਂ ਕਰਵਾਉਣਾ ਪਵੇਗਾ, ਜਿਸ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਮਨਜ਼ੂਰੀ ਲਈ ਭੇਜਿਆ ਜਾਵੇਗਾ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵਾਹਨ ਦੀ ਆਰ. ਸੀ. ਬਣ ਸਕੇਗੀ। ਦੱਸ ਦੇਈਏ ਕਿ ਸਪੁਰੀਮ ਕੋਰਟ ਵਿਚ ਚੱਲੇ ਕੇਸ ਤਹਿਤ 31 ਮਾਰਚ 2020 ਤੋਂ ਬਾਅਦ ਕਿਸੇ ਵੀ ਬੀ. ਐੱਸ.-4 ਵਾਹਨ ਦੀ ਰਜਿਸਟ੍ਰੇਸ਼ਨ ਕਰਨ ’ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕੋਰੋਨਾ ਸੰਕਟ ਕਾਰਨ ਅਦਾਲਤ ਨੂੰ ਰਾਹਤ ਦੇਣ ਦੀ ਗੁਹਾਰ ਵੀ ਲਗਾਈ ਸੀ। ਹੁਣ ਕੁਝ ਸ਼ਰਤਾਂ ਦੇ ਨਾਲ ਬੀ. ਐੱਸ.-4 ਵਾਹਨਾਂ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ। ਇਸ ਦੇ ਲਈ ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਵੀ ਸਥਾਨਕ ਆਰ. ਟੀ. ਏ. ਦਫ਼ਤਰ ਅਤੇ ਐੱਸ. ਡੀ. ਐੱਮ. ਦਫ਼ਤਰ ਨੂੰ ਪੱਤਰ ਜਾਰੀ ਕਰ ਦਿੱਤੇ ਹਨ। ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਵਾਹਨ ਦੀ ਖ਼ਰੀਦ 31 ਮਾਰਚ, 2020 ਤੋਂ ਪਹਿਲਾਂ ਕੀਤੀ ਹੋਵੇ ਅਤੇ ਉਕਤ ਵਾਹਨ ਦੀ ਐਂਟਰੀ ਕੇਂਦਰ ਸਰਕਾਰ ਦੇ ਵੈੱਬ ਪੋਰਟਲ ਵਾਹਨ ’ਤੇ 31 ਮਾਰਚ 2020 ਤੋਂ ਪਹਿਲਾਂ ਦਰਜ ਹੋਵੇ। ਇੱਕ ਅੰਦਾਜ਼ੇ ਮੁਤਾਬਕ ਸਿਰਫ ਲੁਧਿਆਣਾ ਵਿਚ ਹੀ ਅਜਿਹੇ ਵਾਹਨਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਹੈ, ਜੋ ਬੀ. ਐੱਸ.-4 ਹਨ।
ਪਰਫੋਰਮੇ ’ਚ ਇਹ ਜਾਣਕਾਰੀ ਦੇਣੀ ਪਵੇਗੀ
ਵਾਹਨ ਦੇ ਇੰਜਣ ਦੀ ਜਾਣਕਾਰੀ, ਵਾਹਨ ਦਾ ਚੈਸੀ ਨੰਬਰ, ਵਾਹਨ ਨਿਰਮਾਣ ਦੀ ਤਾਰੀਖ਼ ਮਹੀਨਾ ਅਤੇ ਸਾਲ, ਵਾਹਨ ਦੀ ਸ਼੍ਰੇਣੀ, ਵਾਹਨ ਦੇ ਮਾਪਦੰਡ, ਸੇਲ ਸਰਟੀਫਿਕੇਟ ’ਤੇ ਖ਼ਰੀਦਦਾਰ ਜਾਂ ਮਾਲਕ ਦਾ ਨਾਮ, ਸੇਲ ਸਰਟੀਫਿਕੇਟ ਮੁਤਾਬਕ ਵਾਹਨ ਖਰੀਦਣ ਦੀ ਤਾਰੀਖ਼, ਵਾਹਨ ਸਾਫਟਵੇਅਰ ਵਿਚ ਦਿਖਾਈ ਦੇ ਰਹੀ ਖ਼ਰੀਦ ਦੀ ਤਰੀਕ, ਵਾਹਨ ਸਾਫਟਵੇਅਰ ਅਪਲਾਈ ਗਿਣਤੀ।
 


author

Babita

Content Editor

Related News