ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ 1 ਵਿਅਕਤੀ ਦੀ ਮੌਤ
Thursday, Dec 07, 2017 - 01:19 PM (IST)

ਧਾਰੀਵਾਲ (ਖੋਸਲਾ, ਬਲਬੀਰ) - ਬੀਤੀ ਰਾਤ ਡਡਵਾਂ ਰੋਡ ਧਾਰੀਵਾਲ 'ਤੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਲੇਹਲ ਦਾ ਵਾਸੀ ਅਭਿਮਾਨ ਪੁੱਤਰ ਰਮੇਸ਼ ਮਸੀਹ ਮੋਟਰਸਾਈਕਲ ਰਾਹੀਂ ਆਪਣੇ ਸਾਥੀ ਦੀਪਕ ਪੁੱਤਰ ਰੋਬਿਨ ਮਸੀਹ ਵਾਸੀ ਪਿੰਡ ਲੇਹਲ ਨਾਲ ਪਿੰਡ ਕੰਗ ਤੋਂ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਕਿ ਜਦ ਧਾਰੀਵਾਲ ਨਜ਼ਦੀਕ ਡਡਵਾਂ ਰੋਡ 'ਤੇ ਆਇਆ ਤਾਂ ਉਸਦੇ ਮੋਟਰਸਾਈਕਲ ਦੀ ਅਚਾਨਕ ਕਿਸੇ ਵਾਹਨ ਨਾਲ ਟੱਕਰ ਹੋ ਗਈ, ਜਿਸਦੇ ਸਿੱਟੇ ਵਜੋਂ ਅਭਿਮਾਨ ਤੇ ਦੀਪਕ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਅਭਿਮਾਨ ਦੀ ਹਸਪਤਾਲ 'ਚ ਮੌਤ ਹੋ ਗਈ। ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ ਹੈ।