ਸਬਜ਼ੀ ਦੇ ਵਧੇ ਰੇਟਾਂ ਕਾਰਨ ਰਸੋਈ ਦਾ ਬਜਟ ਵਿਗੜਿਆ
Saturday, Nov 25, 2017 - 08:18 AM (IST)

ਗਿੱਦੜਬਾਹਾ (ਸੰਧਿਆ) - ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਹੁਣ ਆਮ ਆਦਮੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਸਬਜ਼ੀਆਂ ਦੇ ਵਧੇ ਰੇਟਾਂ ਕਾਰਨ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ ਤੇ ਲੋਕ ਸਬਜ਼ੀ ਖਰੀਦਣ ਤੋਂ ਅਸਮਰੱਥ ਹੋਏ ਜਾਪਦੇ ਹਨ।
ਇਕ ਪਾਸੇ ਆਮ ਆਦਮੀ ਸਬਜ਼ੀਆਂ ਦੇ ਮਹਿੰਗੇ ਭਾਅ ਨੂੰ ਲੈ ਕੇ ਦੁਖੀ ਹੈ ਤਾਂ ਦੂਜੇ ਪਾਸੇ ਸਬਜ਼ੀ ਵਿਕਰੇਤਾ ਸਬਜ਼ੀ ਨਾ ਵਿਕਣ ਕਾਰਨ ਆਰਥਿਕ ਨੁਕਸਾਨ ਝੱਲਣ ਲਈ ਮਜਬੂਰ ਹਨ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਕਾਫੀ ਸਬਜ਼ੀਆਂ ਬਾਹਰਲੇ ਸੂਬਿਆਂ ਤੋਂ ਆਉਣ ਕਾਰਨ ਉਨ੍ਹਾਂਦੇ ਰੇਟ ਵਧਦੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰਾ-ਪੂਰਾ ਦਿਨ ਸਬਜ਼ੀ ਦੀਆਂ ਰੇਹੜੀਆਂ ਲੈ ਕੇ ਖਾਲੀ ਬੈਠੇ ਰਹਿੰਦੇ ਹਨ ਕਿਉਂਕਿ ਸਬਜ਼ੀ ਮਹਿੰਗੀ ਹੋਣ ਕਾਰਨ ਗਾਹਕ ਸਬਜ਼ੀ ਦਾ ਰੇਟ ਪੁੱਛ ਕੇ ਹੀ ਵਾਪਸ ਚਲਾ ਜਾਂਦਾ ਹੈ, ਜਿਸ ਨਾਲ ਸਬਜ਼ੀ ਨਾ ਵਿਕਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਤੀਦਿਨ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਕਰਨ ਵਾਲਿਆਂ ਨੂੰ ਤਾਂ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਦਿਹਾੜੀ ਕਰ ਕੇ ਜਿੰਨੇ ਕੁ ਪੈਸੇ ਕਮਾਉਂਦੇ ਹਨ, ਉਨ੍ਹਾਂ 'ਚ ਉਹ ਰੋਜ਼ਮਰਾ ਦੀ ਵਰਤੋਂ ਦੀਆਂ ਚੀਜ਼ਾਂ ਖਰੀਦਦੇ ਹਨ ਤੇ ਸਬਜ਼ੀ ਮਹਿੰਗੀ ਹੋਣ ਕਾਰਨ ਉਹ ਸਬਜ਼ੀ ਖਰੀਦਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਤਾਂ ਬਿਨਾਂ ਸਬਜ਼ੀ ਦੇ ਹੀ ਗੁਜ਼ਾਰਾ ਕਰਨ ਨੂੰ ਮਜਬੂਰ ਹੋਣਾ ਪੈਂਦਾ ਹੈ।
ਸਬਜ਼ੀਆਂ ਦੇ ਰੇਟ ਇਸ ਤਰ੍ਹਾਂ ਹਨ
ਮਟਰ- 70-80 ਰੁਪਏ ਕਿਲੋ
ਗੋਭੀ- 40 ਰੁਪਏ ਕਿਲੋ
ਪਿਆਜ਼- 30-40 ਰੁਪਏ ਕਿਲੋ
ਟਮਾਟਰ- 30-40 ਰੁਪਏ ਕਿਲੋ
ਸ਼ਿਮਲਾ ਮਿਰਚ- 70 ਰੁਪਏ ਕਿਲੋ
ਗਾਜਰ- 40-50 ਰੁਪਏ ਕਿਲੋ