ਦੁੱਗਣੇ ਹੋਏ ਸਬਜ਼ੀਆਂ ਦੇ ਰੇਟ, ਵਿਗੜਿਆ ਰਸੋਈ ਬਜਟ

Friday, Jul 07, 2017 - 02:07 AM (IST)

ਦੁੱਗਣੇ ਹੋਏ ਸਬਜ਼ੀਆਂ ਦੇ ਰੇਟ, ਵਿਗੜਿਆ ਰਸੋਈ ਬਜਟ

ਬਠਿੰਡਾ(ਸੁਖਵਿੰਦਰ)-ਜਿੱਥੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਉੱਥੇ ਹੀ ਹੁਣ ਸਬਜ਼ੀਆਂ ਦੇ ਰੇਟਾਂ ਨੂੰ ਵੀ 'ਅੱਗ' ਲੱਗ ਗਈ ਹੈ। ਮੌਜੂਦਾ ਸਮੇਂ 'ਚ ਲਗਭਗ ਹਰ ਸਬਜ਼ੀ ਦੇ ਰੇਟ ਦੁੱਗਣੇ ਹੋ ਚੁੱਕੇ ਹਨ, ਜਿਸ ਨਾਲ ਸੁਆਣੀਆਂ ਦਾ ਰਸੋਈ ਬਜਟ ਵਿਗੜ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਰੇਟ ਹੋਰ ਵੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਬਜ਼ੀ ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟਾਂ ਵਿਚ ਲਗਭਗ ਇਕ ਮਹੀਨੇ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਖਰੀਦਦਾਰੀ 'ਚ ਖਿੱਚ ਰਹੇ ਹਨ ਹੱਥ
ਸਬਜ਼ੀ ਵਿਕਰੇਤਾ ਪਿੱਪਲ ਸਿੰਘ ਅਤੇ ਰਾਜੂ ਨੇ ਦੱਸਿਆ ਕਿ ਹਰ ਸਾਲ ਹੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬਜ਼ੀਆਂ ਦੇ ਰੇਟ ਵਧਣ ਨਾਲ ਲੋਕ ਘੱਟ ਮਾਤਰਾ ਵਿਚ ਸਬਜ਼ੀ ਖਰੀਦ ਰਹੇ ਹਨ ਅਤੇ ਬਾਰਿਸ਼ ਕਾਰਨ ਸਬਜ਼ੀਆਂ ਜਲਦ ਖਰਾਬ ਹੋ ਜਾਂਦੀਆ ਹਨ, ਜਿਸ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਤੇਜ਼ੀ ਆ ਜਾਂਦੀ ਹੈ। ਦੂਜੇ ਪਾਸੇ ਸੁਆਣੀ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਇਕ ਹਫ਼ਤੇ ਵਿਚ ਹੀ ਸਬਜ਼ੀਆਂ ਦੇ ਰੇਟ ਲਗਭਗ ਦੋ ਗੁਣਾ ਵਧ ਗਏ ਹਨ। ਸਬਜ਼ੀਆਂ ਖਰੀਦਣਾ ਬੰਦ ਤਾਂ ਨਹੀਂ ਕਰ ਸਕਦੇ ਪਰ ਬਜਟ ਦੇ ਅਨੁਸਾਰ ਸਬਜ਼ੀਆਂ ਖਰੀਦਣ ਦੀ ਮਾਤਰਾ ਵਿਚ ਕਟੌਤੀ ਜ਼ਰੂਰ ਕਰ ਰਹੇ ਹਾਂ।
ਸਬਜ਼ੀ ਉਤਪਾਦਕਾਂ ਦੇ ਚਿਹਰੇ ਖਿੜੇ
ਜਿੱਥੇ ਸਬਜ਼ੀਆਂ ਦੇ ਰੇਟ ਵਧਣ ਨਾਲ ਆਮ ਲੋਕਾਂ ਦੇ ਚਿਹਰੇ 'ਤੇ ਉਦਾਸੀ ਦੇਖੀ ਜਾ ਸਕਦੀ ਹੈ ਉੱਥੇ ਹੀ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੇ ਸਬਜ਼ੀ ਉਤਪਾਦਕਾਂ ਦੇ ਚਿਹਰੇ ਰੇਟਾਂ ਵਿਚ ਆਏ ਉਛਾਲ ਕਾਰਨ ਖਿੜੇ ਹੋਏ ਹਨ। ਸਬਜ਼ੀ ਉਤਪਾਦਕ ਗੁਰਪ੍ਰੀਤ ਸਿੰਘ ਵਾਸੀ ਨਹੀਆਵਾਲਾ ਅਤੇ ਤਰਸੇਮ ਸਿੰਘ ਵਾਸੀ ਕੋਟਸ਼ਮੀਰ ਨੇ ਦੱਸਿਆ ਕਿ ਹੁਣ ਤੱਕ ਸਬਜ਼ੀਆਂ ਦੇ ਰੇਟ ਘੱਟ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਮੁਨਾਫ਼ਾ ਨਹੀਂ ਹੋਇਆ, ਜਦਕਿ ਹੁਣ ਰੇਟ ਵਧਣ ਕਾਰਨ ਉਨ੍ਹਾਂ ਦੀ ਮਿਹਨਤ ਦਾ ਉਚਿਤ ਮੁੱਲ ਮਿਲਣ ਲੱਗਾ ਹੈ, ਜਿਸ ਕਾਰਨ ਸਬਜ਼ੀ ਉਤਪਾਦਕਾਂ ਵਿਚ ਖੁਸ਼ੀ ਦੀ ਲਹਿਰ ਹੈ।
ਆਮਦ ਘੱਟ ਹੋਣ ਕਾਰਨ ਵਧੇ ਰੇਟ
ਹਰ ਸਾਲ ਗਰਮੀ ਅਤੇ ਫਿਰ ਬਰਸਾਤੀ ਮੌਸਮ ਦੇ ਕਾਰਨ ਸਬਜ਼ੀਆਂ ਦੇ ਰੇਟ ਇਕਦਮ ਵਧ ਜਾਂਦੇ ਹਨ। ਇਸ ਵਾਰ ਵੀ ਇਸ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀਆਂ ਦੇ ਰੇਟ ਵਧਣ ਦਾ ਇਕ ਕਾਰਨ 25 ਜੂਨ ਦੇ ਬਾਅਦ ਜ਼ਮੀਨਾਂ ਦੇ ਠੇਕੇ ਬਦਲ ਜਾਣਾ ਵੀ ਹੈ। ਆਲੂ ਵਾਲੀਆਂ ਜ਼ਮੀਨਾਂ ਵਿਚ ਲੱਗੀਆਂ ਸਬਜ਼ੀਆਂ ਦਾ ਸਮਾਂ ਪੂਰਾ ਹੋਣ ਕਾਰਨ 25 ਜੂਨ ਤੋਂ ਜ਼ਮੀਨ ਮਾਲਕਾਂ ਵੱਲੋਂ ਸਬਜ਼ੀਆਂ ਨੂੰ ਵਾਹ ਕੇ ਝੋਨਾ ਲਾਇਆ ਜਾਂਦਾ ਹੈ। ਇਸ ਕਾਰਨ ਖੇਤਾਂ 'ਚ ਸਬਜ਼ੀਆਂ ਦੀ ਮਾਤਰਾ ਘਟ ਜਾਂਦੀ ਹੈ।
ਸਬਜ਼ੀਆਂ ਦੀ ਆਮਦ ਘੱਟ ਹੋਣ ਕਾਰਨ ਰੇਟਾਂ ਵਿਚ ਉਛਾਲ ਆ ਜਾਂਦਾ ਹੈ। ਮੌਜੂਦਾ ਸਮੇਂ ਵਿਚ ਪਿਆਜ਼, ਆਲੂ ਸਣੇ ਹੋਰ ਸਬਜ਼ੀਆਂ ਦੇ ਰੇਟ ਪਹਿਲਾਂ ਨਾਲੋਂ ਦੁੱਗਣੇ ਹੋ ਚੁੱਕੇ ਹਨ, ਜਿਸ ਕਾਰਨ ਖਰੀਦਦਾਰਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ ਛਾਈਆਂ ਹੋਈਆਂ ਹਨ।


Related News