ਲਾਗਤ ਮੁੱਲ ਤੋਂ ਘੱਟ ਰੇਟਾਂ ’ਤੇ ਸਬਜ਼ੀਆਂ ਵੇਚਣ ਲਈ ਮਜਬੂਰ ''ਕਿਸਾਨ''
Wednesday, Jan 20, 2021 - 03:02 PM (IST)
ਪਟਿਆਲਾ (ਪਰਮੀਤ/ਲਖਵਿੰਦਰ) : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਫ਼ਸਲੀ ਵਿਭਿੰਨਤਾ ਲਿਆਉਣ ਨੂੰ ਅਜੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਵੱਲੋਂ ਬੀਜੀਆਂ ਗਈਆਂ ਹਰੀਆਂ ਸਬਜ਼ੀਆਂ ਉਨ੍ਹਾਂ ਨੂੰ ਲਾਗਤ ਨਾਲੋਂ ਘੱਟ ਰੇਟ ‘ਤੇ ਮਜਬੂਰੀ ਵੱਸ ਵੇਚਣੀਆਂ ਪੈ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦਾ ਆਰਥਿਕ ਤੌਰ ‘ਤੇ ਭਾਰੀ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਨੌਗਾਵਾਂ ਦੇ ਕਿਸਾਨ ਕੁਲਜਿੰਦਰ ਸਿਘ ਔਲਖ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਦੀ ਥਾਂ ‘ਤੇ ਗੋਭੀ ਦੀ ਖੇਤੀ ਕੀਤੀ ਗਈ ਸੀ, ਜਿਸ ਦਾ ਸਹੀ ਰੇਟ ਨਾ ਮਿਲਣ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੰਡੀ 'ਚ ਗੋਭੀ ਦਾ ਰੇਟ 1 ਤੋਂ 2 ਰੁਪਏ ਕਿਲੋ ਚੱਲ ਰਿਹਾ ਹੈ, ਜਦੋਂ ਕਿ ਗੋਭੀ ਦੀ ਫ਼ਸਲ ਨੂੰ ਤਿਆਰ ਕਰਨ 'ਚ ਉਨ੍ਹਾਂ ਦਾ ਖ਼ਰਚਾ ਜ਼ਿਆਦਾ ਆਇਆ ਹੈ ਅਤੇ ਸਬਜ਼ੀ ਨੂੰ ਮੰਡੀ 'ਚ ਲਿਆਉਣ ‘ਤੇ ਵੱਖਰਾ ਖਰਚਾ ਆ ਜਾਂਦਾ ਹੈ।
ਕੀ ਆਖਦੇ ਹਨ ਕਿਸਾਨ ਆਗੂ
ਇਸ ਸਮੱਸਿਆ ਸਬੰਧੀ ਜਦੋਂ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸਨੌਰ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਹੇਠ ਜਕੜੇ ਪਏ ਹਨ। ਹੁਣ ਤਾਂ ਕਿਸਾਨਾਂ ਨੂੰ ਸਬਜ਼ੀਆਂ ਦੇ ਸਹੀ ਰੇਟ ਨਹੀਂ ਮਿਲ ਰਹੇ। ਜੇਕਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਝੋਨਾ ਤੇ ਕਣਕ ਦਾ ਵੀ ਇਹੋ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਕਿਸਾਨ ਖੇਤੀਬਾੜੀ ਤੋਂ ਮੂੰਹ ਮੋੜ ਲੈਣਗੇ।