ਸਬਜ਼ੀ ਮੰਡੀ ''ਚ ਕੂੜੇ ਦਾ ਡੰਪ ਬਣਾਉਣ ਦਾ ਵਿਰੋਧ

Saturday, Jan 06, 2018 - 03:32 PM (IST)

ਸਬਜ਼ੀ ਮੰਡੀ ''ਚ ਕੂੜੇ ਦਾ ਡੰਪ ਬਣਾਉਣ ਦਾ ਵਿਰੋਧ


ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਬੀਤੇ ਲੰਮੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਸਬਜ਼ੀ ਮੰਡੀ ਦਾ ਕੂੜਾ ਸੰਭਾਲਣ ਲਈ ਨਗਰ ਕੌਂਸਲ ਵੱਲੋਂ ਸ਼ੁੱਕਰਵਾਰ ਨੂੰ ਡੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਲਈ ਚਾਰਦੀਵਾਰੀ ਬਣਾਈ ਜਾਣੀ ਸੀ ਪਰ ਸਿੱਖ ਵਿਰਸਾ ਕੌਂਸਲ ਵੱਲੋਂ ਉੱਥੇ ਪਹੁੰਚ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ ਦੇ ਨਾਲ ਇਕ-ਦੋ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੇ ਵੀ ਸਾਥ ਦਿੱਤਾ। 
ਜ਼ਿਕਰਯੋਗ ਹੈ ਕਿ ਸਬਜ਼ੀ ਮੰਡੀ 'ਚ ਰੇਹੜੀਆਂ ਵਾਲਿਆਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ, ਜਿਸ 'ਚ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਅਤੇ ਕੂੜਾ ਖਿਲਾਰ ਦਿੰਦੇ ਹਨ। ਇਸ ਦੇ ਨਾਲ ਹੀ ਉਹ ਰੇਹੜੀ ਵਾਲਿਆਂ ਅਤੇ ਉੱਥੇ ਸਬਜ਼ੀ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਸ ਦਾ ਹੱਲ ਕਰਵਾਉਣ ਲਈ ਬੀਤੇ ਕਰੀਬ 6 ਮਹੀਨਿਆਂ ਤੋਂ ਸਿੱਖ ਵਿਰਸਾ ਕੌਂਸਲ ਸੰਘਰਸ਼ ਕਰ ਰਹੀ ਸੀ। ਇਸ ਦੇ ਆਧਾਰ 'ਤੇ ਹੀ ਪੱਕਾ ਹੱਲ ਕਰਨ ਲਈ ਨਗਰ ਕੌਂਸਲ ਵੱਲੋਂ ਇੱਥੇ ਚਾਰਦੀਵਾਰੀ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਕਿ ਕੂੜਾ ਇਸ ਦੇ ਅੰਦਰ ਰਹੇ ਅਤੇ ਬਾਹਰ ਨਾ ਆਵੇ। ਸਿੱਖ ਵਿਰਸਾ ਕੌਂਸਲ ਦੇ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਇੱਥੇ ਕੂੜੇ ਦਾ ਡੰਪ ਨਹੀਂ ਬਣਨ ਦੇਣਗੇ। ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ।  
ਓਧਰ, ਨਗਰ ਕੌਂਸਲ ਦੀ ਮੁਲਾਜ਼ਮ ਗੁਰਪਨੀਤ ਕੌਰ ਦਾ ਕਹਿਣਾ ਸੀ ਕਿ ਉਹ ਤਾਂ ਨਗਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੀ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੀ ਇਹ ਡੰਪ ਬਣਾਇਆ ਜਾ ਰਿਹਾ ਹੈ।


Related News