ਡੀ. ਸੀ. ਕੋਰਟ ''ਚ ਹਰ ਬੁੱਧਵਾਰ ਸਿਰਫ ਬਜ਼ੁਰਗਾਂ ਦੇ ਕੇਸਾਂ ਦੀ ਹੋਵੇਗੀ ਸੁਣਵਾਈ
Thursday, Nov 09, 2017 - 11:22 AM (IST)
ਜਲੰਧਰ (ਅਮਿਤ)— ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਅਦਾਲਤ 'ਚ ਆਉਣ ਵਾਲੇ ਬਜ਼ੁਰਗਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਸੀਨੀਅਰ ਸਿਟੀਜ਼ਨ-ਡੇ ਫਿਕਸ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹਰ ਬੁੱਧਵਾਰ ਨੂੰ ਉਨ੍ਹਾਂ ਦੀ ਕੋਰਟ ਵਿਚ ਸਿਰਫ ਬਜ਼ੁਰਗਾਂ ਨਾਲ ਸੰਬੰਧਤ ਮੇਨਟੀਨੈਂਸ ਐਂਡ ਵੈੱਲਫੇਅਰ ਆਫ ਸੀਨੀਅਰ ਸਿਟੀਜ਼ਨਜ਼ ਐਕਟ, 2007 ਦੇ ਕੇਸਾਂ ਦੀ ਹੀ ਸੁਣਵਾਈ ਕੀਤੀ ਜਾਵੇਗੀ।
ਡੀ. ਸੀ. ਨੇ ਕਿਹਾ ਕਿ ਬੱਚਿਆਂ ਵੱਲੋਂ ਮਾਪਿਆਂ ਦੀ ਬੁਢਾਪੇ ਵਿਚ ਸੇਵਾ ਨਾ ਕਰਨ, ਉਨ੍ਹਾਂ ਨਾਲ ਮਾੜਾ ਵਿਵਹਾਰ ਕਰਨ ਤੇ ਉਨ੍ਹਾਂ ਨੂੰ ਘਰੋਂ ਕੱਢਣ ਵਰਗੇ ਮਾਮਲਿਆਂ 'ਚ ਇਸ ਐਕਟ ਅਧੀਨ ਇਨਸਾਫ ਲੈਣ ਲਈ ਬਜ਼ੁਰਗਾਂ ਵੱਲੋਂ ਕੇਸ ਦਾਇਰ ਕੀਤੇ ਜਾਂਦੇ ਹਨ। ਜ਼ਿਆਦਾਤਰ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਵਾਰ-ਵਾਰ ਅਦਾਲਤ ਦੇ ਚੱਕਰ ਕੱਟਣੇ ਪੈਂਦੇ ਹਨ। ਕਈ ਵਾਰ ਉਨ੍ਹਾਂ ਦੇ ਬੱਚੇ ਜਾਣਬੁੱਝ ਕੇ ਵੀ ਤਾਰੀਕਾਂ ਪੁਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਮਾਮਲੇ ਨੂੰ ਬਿਨਾਂ ਮਤਲਬ ਲਟਕਾਇਆ ਜਾ ਸਕੇ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਬੁੱਧਵਾਰ ਨੂੰ ਸਿਰਫ ਸੀਨੀਅਰ ਸਿਟੀਜ਼ਨ ਐਕਟ ਦੇ ਕੇਸਾਂ ਲਈ ਫਿਕਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਕੇਸਾਂ ਦੀ ਸੁਣਵਾਈ ਫਾਸਟ ਟ੍ਰੈਕ ਕੋਰਟ ਦੀ ਤਰਜ਼ 'ਤੇ ਕੀਤੀ ਜਾਵੇਗੀ।
