28 ਏਕੜ ਕਣਕ ਦੀ ਫਸਲ ਸੁੰਡੀ ਲੱਗਣ ਨਾਲ ਹੋਈ ਖਰਾਬ

01/05/2020 4:50:34 PM

ਵਲਟੋਹਾ (ਬਲਜੀਤ, ਵਿਜੇ ਅਰੋੜਾ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਲ ਕੋਹਨਾ ਦੇ ਕਿਸਾਨ ਦੀ ਹੈਪੀਸੀਡਰ ਨਾਲ ਬੀਜੀ 28 ਕਿੱਲੇ ਕਣਕ ਸੁੰਡੀ ਲੱਗਣ ਨਾਲ ਖਰਾਬ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕਰ ਕੇ ਉਨ੍ਹਾਂ 'ਤੇ ਵੱਡੇ-ਵੱਡੇ ਜੁਰਮਾਨੇ ਲਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਅਤੇ ਕਸਬਿਆਂ 'ਚ ਖੇਤੀਬਾੜੀ ਮਾਹਿਰਾਂ ਤਹਿਤ ਵੱਡੇ-ਵੱਡੇ ਸੈਮੀਨਾਰ ਕਰਾ ਕੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਖ਼ਤ ਹੁਕਮ ਜਾਰੀ ਕਰ ਰਹੀ ਹੈ। ਕਿਸਾਨਾਂ ਨੂੰ ਹੈਪੀਸੀਡਰ ਨਾਲ ਬੀਜਾਈ ਕਰਨ ਲਈ ਜਾਗਰੂਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਖੇਤੀਬਾੜੀ ਮਹਿਕਮੇ ਦੇ ਬਣਾਏ ਹੋਏ ਯੰਤਰ ਫੇਲ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ. ਸੀ. ਸਾਹਿਬ ਤਰਨਤਾਰਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ ਗਈ ਅਤੇ ਹੈਪੀਸੀਡਰ ਨਾਲ 28 ਕਿੱਲੇ ਜ਼ਮੀਨ 'ਚ ਕਣਕ ਦੀ ਬੀਜਾਈ ਕੀਤੀ ਸੀ ਪਰ ਉਨ੍ਹਾਂ 28 ਕਿੱਲਿਆਂ ਨੂੰ ਸੁੰਡੀ ਲੱਗ ਗਈ, ਜਿਸ ਕਾਰਣ ਉੱਗੀ ਹੋਈ ਸਾਰੀ ਕਣਕ ਖਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਅਸੀਂ ਦੋ ਵਾਰ ਇਹ ਬੀਜਾਈ ਕਰ ਚੁੱਕੇ ਹਾਂ ਅਤੇ ਹਰ ਵਾਰ ਇਹੋ ਕੁਝ ਸਾਡੇ ਨਾਲ ਬੀਤ ਰਿਹਾ ਹੈ।

ਪੀੜਤ ਕਿਸਾਨ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਖੇਤੀਬਾੜੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਚਿੱਠੀਆਂ ਵੀ ਪਾ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਸਾਡੀ ਕੋਈ ਸਾਰ ਨਹੀਂ ਲਈ। ਪੀੜਤ ਕਿਸਾਨ ਹਰਜਿੰਦਰ ਸਿੰਘ ਨੇ ਜ਼ਿਲਾ ਤਰਨਤਾਰਨ ਦੇ ਡੀ. ਸੀ. ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਖੇਤੀਬਾੜੀ ਦੇ ਉੱਚ ਅਧਿਕਾਰੀਆਂ ਨੂੰ ਪਿੰਡ ਦੂਲ ਕੋਹਨੇ ਵਿਖੇ ਭੇਜਣ ਅਤੇ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਾ ਕੇ ਸਾਡਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ। ਇਸ ਮੌਕੇ ਸੁਖਪਾਲ ਸਿੰਘ, ਸੁਰਿੰਦਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ।


Baljeet Kaur

Content Editor

Related News