'ਪੰਜਾਬ ਬੰਦ' ਦੌਰਾਨ ਆਵਾਜਾਈ ਠੱਪ, ਜਲੰਧਰ 'ਚ ਸਾਰੇ ਨੈਸ਼ਨਲ ਹਾਈਵੇਅ ਬੰਦ (ਤਸਵੀਰਾਂ)
Saturday, Sep 07, 2019 - 06:44 PM (IST)

ਜਲੰਧਰ—ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸੀਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਗਏ। ਇਸ ਦਾ ਅਸਰ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲਿਆਂ 'ਚ ਦੇਖਣ ਨੂੰ ਮਿਲਿਆ।
ਟਾਈਗਰਸ ਫੋਰਸ ਵੱਲੋਂ ਜਲੰਧਰ-ਕਪੂਰਥਲਾ, ਜਲੰਧਰ-ਅੰਮ੍ਰਿਤਸਰ, ਜਲੰਧਰ-ਪਠਾਨਕੋਟ 'ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਸਾਂਤੀਪੂਰਨ ਢੰਗ ਨਾਲ ਚੈਨਲ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਸੁਣਨ ਮਿਲੀਆਂ। ਨਕੋਦਰ 'ਚ ਗੋਲੀ ਚੱਲਣ ਤੋਂ ਇਲਾਵਾ ਜੋਤੀ ਚੌਕ, ਰਵਿਦਾਸ ਚੌਕ, ਬਸਤੀ ਪੀਰਦਾਦ ਆਦਿ ਕਈ ਥਾਵਾਂ 'ਤੇ ਟਾਇਰ ਫੂਕ ਕੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਦੇ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨੈਸ਼ਨਲ ਹਾਈਵੇਅ 'ਤੇ ਲੰਬਾ ਜਾਮ ਲੱਗਾ ਰਿਹਾ। ਇਸ ਦੇ ਲਈ ਜਲੰਧਰ ਆਉਣ ਵਾਲੇ ਵਾਹਨ ਚਾਲਕ ਨੈਸ਼ਨਲ ਹਾਈਵੇਅ ਤੋਂ ਨਾ ਹੋ ਕੇ ਬਾਕੀ ਰੂਟਾਂ ਤੋਂ ਜਲੰਧਰ ਵੱਲ ਆਏ।
ਇਸ ਦੇ ਨਾਲ ਹੀ ਜੰਮੂ ਤੋਂ ਜਲੰਧਰ ਆਉਣ ਵਾਲੇ ਰਸਤੇ ਨੂੰ ਪੁਲਸ ਨੇ ਨਾਕਾਬੰਦੀ ਕਰਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਪੰਜਾਬ ਬੰਦ ਦੀ ਕਾਲ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ।