ਪੰਜਾਬ ਬੰਦ ਦੌਰਾਨ ਨਕੋਦਰ ''ਚ ਚੱਲੀ ਗੋਲੀ ਦਾ ਸੇਕ ਪਹੁੰਚਿਆ ਲੋਹੀਆਂ
Thursday, Sep 12, 2019 - 06:53 PM (IST)
ਲੋਹੀਆਂ ਖਾਸ (ਮਨਜੀਤ)— ਇਕ ਨਿੱਜੀ ਚੈਨਲ 'ਤੇ ਚਲਦੇ ਧਾਰਮਿਕ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਇਸ ਦੇ ਵਿਰੋਧ 'ਚ ਪਿਛਲੇ ਦਿਨੀਂ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਨਕੋਦਰ 'ਚ ਚੱਲੀ ਗੋਲੀ ਤੋਂ ਬਾਅਦ ਗੋਲੀ ਚਲਾਉਣ ਵਾਲੇ ਦੁਕਾਨਦਾਰ ਦੇ ਹੱਕ 'ਚ ਆਈ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਪਰਚਾ ਰੱਦ ਕਰਨ ਨੂੰ ਲੈ ਕੇ ਦਿੱਤੇ ਗਏ ਧਰਨੇ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਟਕਰਾਅ ਵਧ ਗਿਆ। ਜਿਸ ਦੌਰਾਨ ਦੋਵਾਂ ਧਿਰਾਂ ਦੇ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਲਲਕਾਰਿਆ ਤੱਕ ਗਿਆ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਦਫਤਰ ਵਿਖੇ ਸਤਿਕਾਰ ਕਮੇਟੀ ਅਤੇ ਵਾਲਮੀਕਿ ਭਾਈਚਾਰੇ ਦੇ ਸੰਤਾਂ-ਮਹਾਪੁਰਸ਼ਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਪਰ ਰਾਜ਼ੀਨਾਮਾ ਹੋਣ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ਨੇ ਨਕੋਦਰ 'ਚ ਚੱਲੀ ਗੋਲੀ ਦਾ ਸੇਕ ਲੋਹੀਆਂ ਪਹੁੰਚਾ ਦਿੱਤਾ।
ਸੋਸ਼ਲ ਮੀਡੀਆ ਨੇ ਵਧਾਇਆ ਸਤਿਕਾਰ ਕਮੇਟੀ ਅਤੇ ਵਾਲਮੀਕਿ ਭਾਈਚਾਰੇ 'ਚ ਟਕਰਾਅ
ਐੱਸ. ਐੱਸ. ਪੀ. ਦਫਤਰ 'ਚ ਹੋਏ ਉਕਤ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋ ਵਿਅਕਤੀਆਂ ਦੇ ਗੱਲ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਇਕ ਵਿਅਕਤੀ ਦੂਜੇ ਨੂੰ ਕਹਿ ਰਿਹਾ ਹੈ ਕਿ ਉਸ ਪ੍ਰਧਾਨ ਨੂੰ ਕਹਿ ਕੇ ਹੁਣ ਤਾਂ ਖੋਸਾ ਬਾਬਾ ਮੁਆਫੀ ਮੰਗ ਗਿਆ.. ਨੂੰ ਕਿੱਦਾ ਕਰਨੀ ਆ ਉਹ ਤਾਂ ਪੈਰ ਪਿੱਛੇ ਖਿੱਚ ਗਿਆ, ਜਿਸ ਦੀ ਜਾਣਕਾਰੀ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਵੱਲੋਂ ਦਿੱਤੀ ਗਈ। ਜਦਕਿ ਦੂਜੇ ਪਾਸੇ ਭਗਵਾਨ ਕ੍ਰਾਂਤੀ ਸੈਨਾ ਦੇ ਅਹੁਦੇਦਾਰਾਂ ਅਤੇ ਹੋਰ ਵਾਲਮੀਕਿ ਭਾਈਚਾਰੇ ਦੇ ਵਿਅਕਤੀਆਂ ਦਾ ਕਹਿਣਾ ਸੀ ਕਿ ਪਹਿਲਾਂ ਸੁਖਜੀਤ ਸਿੰਘ ਖੋਸਾ ਦੀ ਹਮਾਇਤ ਵਿਚ ਲੋਹੀਆਂ 'ਚ ਜਿਮ ਚਲਾ ਰਹੇ ਇਕ ਲੜਕੇ ਤੇ ਉਸ ਦੇ ਸਾਥੀਆਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ, ਜਿਸ ਵਿਚ ਪੰਜਾਬ ਬੰਦ ਦੌਰਾਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਲੰਡੂ ਵਰਗੇ ਤੇ ਹੋਰ ਭੱਦੇ ਸ਼ਬਦ ਬੋਲੇ ਗਏ।
ਜਦੋਂ ਉਕਤ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਖਿਲਾਫ ਸੋਸ਼ਲ ਮੀਡੀਆ 'ਤੇ ਤਕਰਾਰ ਵਧ ਗਈ ਤਾਂ ਸ਼ਾਮ ਦੇ ਚਾਰ-ਪੰਜ ਵਜੇ ਦੇ ਕਰੀਬ ਪਿੰਡ ਕੰਗ ਖੁਰਦ ਵਿਖੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡਣ ਲਈ ਲਾਏ ਗਏ ਰਾਹਤ ਕੈਂਪ ਵਿਚ ਸੇਵਾ ਕਰਦੇ ਭਾਈ ਸੁਖਜੀਤ ਸਿੰਘ ਖੋਸਾ, ਉਸ ਦੇ ਦੇ ਸਾਥੀਆਂ ਅਤੇ ਵਾਲਮੀਕਿ ਭਾਈਚਾਰੇ ਦੇ ਵਿਅਕਤੀਆਂ ਵਿਚਕਾਰ ਗੱਲ ਤੂੰ-ਤੂੰ, ਮੈਂ-ਮੈਂ ਤੋਂ ਹੁੰਦੀ ਹੋਈ ਲੜਾਈ ਤਕ ਪਹੁੰਚ ਗਈ।
ਪੁਲਸ ਪ੍ਰਸ਼ਾਸਨ ਨੇ ਮੌਕਾ ਸੰਭਾਲਦਿਆਂ ਟਕਰਾਅ 'ਤੇ ਪਾਇਆ ਕਾਬੂ
ਜਦੋਂ ਦੋਹਾਂ ਧਿਰਾਂ ਵਿਚਕਾਰ ਸ਼ਬਦੀ ਜੰਗ ਤੋਂ ਬਾਅਦ ਗੱਲ ਲੜਾਈ ਤੱਕ ਪਹੁੰਚ ਗਈ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੂਝ-ਬੂਝ ਨਾਲ ਮੌਕਾ ਸੰਭਾਲਦੇ ਹੋਏ ਲੜਾਈ ਨੂੰ ਸ਼ਾਂਤ ਕਰਵਾਇਆ। ਇਥੋਂ ਤਕ ਕੇ ਲੜਾਈ ਨੂੰ ਸ਼ਾਂਤ ਕਰਵਾਉਂਦਿਆਂ ਕਈ ਪੁਲਸ ਅਧਿਕਾਰੀਆਂ ਨੂੰ ਧੱਕੇ ਅਤੇ ਕਈ ਗੱਲਾਂ ਤੱਕ ਸੁਣਨੀਆਂ ਪਈਆਂ ਪਰ ਪੁਲਸ ਮੁਲਾਜ਼ਮਾਂ ਨੇ ਧੀਰਜ ਤੋਂ ਕੰਮ ਲੈਂਦੇ ਹੋਏ ਲੜਾਈ ਨੂੰ ਵਧਣ ਤੋਂ ਰੋਕਿਆ ਅਤੇ ਦੋਹਾਂ ਧਿਰਾਂ ਦੇ ਨੁਮਾਇੰਦਿਆਂ ਨੂੰ ਥਾਣੇ ਲੈ ਆਏ ਤੇ ਮਾਮਲੇ ਨੂੰ ਖਤਮ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ। ਐਨੇ ਨੂੰ ਸੈਂੜਕਿਆਂ ਦੀ ਗਿਣਤੀ ਵਿਚ ਵਾਲਮੀਕਿ ਭਾਈਚਾਰੇ ਦੇ ਲੋਕ ਥਾਣੇ ਮੂਹਰੇ ਵਾਲਮੀਕਿ ਸ਼ਕਤੀ ਅਮਰ ਰਹੇ ਤੇ ਭਗਵਾਨ ਵਾਲਮੀਕਿ ਜੀ ਦੀ ਜੈ ਦੇ ਨਾਅਰੇ ਲਾਉਂਦੇ ਰਹੇ। ਅਖੀਰ ਰਾਤ 9 ਵਜੇ ਦੇ ਕਰੀਬ ਪੁਲਸ-ਪ੍ਰਸ਼ਾਸਨ ਦੀ ਮਿਹਨਤ ਰੰਗ ਲਿਆਈ, ਜਦੋਂ ਆਰ. ਪੀ. ਐੱਸ. ਸੰਧੂ ਪੁਲਸ ਹੈੱਡ ਕੁਆਰਟਰ ਜਲੰਧਰ, ਪਿਆਰਾ ਸਿੰਘ ਡੀ. ਐੱਸ. ਪੀ. ਸ਼ਾਹਕੋਟ, ਸੁਰਿੰਦਰ ਕੁਮਾਰ ਥਾਣਾ ਮੁਖੀ ਸ਼ਾਹਕੋਟ, ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੋਹਾਂ ਧਿਰਾਂ ਵਿਚਕਾਰ ਮਾਮਲਾ ਖਤਮ ਕਰਦਿਆਂ ਰਾਜ਼ੀਨਾਮਾ ਕਰਵਾ ਦਿੱਤਾ, ਜਿਸ ਤੋਂ ਬਾਅਦ ਸ਼ਹਿਰ ਦਾ ਤਣਾਅਪੂਰਨ ਬਣਿਆ ਮਾਹੌਲ ਸ਼ਾਂਤ ਹੋਇਆ।