ਵਾਲਮੀਕਿ ਭਾਈਚਾਰੇ ਦਾ ਫੈਸਲਾ : ਕੱਲ ਬੰਦ ਰਹੇਗਾ ਪੰਜਾਬ
Friday, Sep 06, 2019 - 11:32 PM (IST)

ਜਲੰਧਰ: ਇਕ ਨਿਜੀ ਟੀ. ਵੀ. ਚੈਨਲ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ਰਾਮ-ਸਿਆ ਦੇ ਲਵ ਕੁਸ਼ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਨੂੰਲੈ ਕੇ ਵਾਲਮੀਕੀ ਸਮਾਜ ਤੇ ਹੋਰ ਸੰਗਠਨਾਂ ਨੇ ਕੱਲ ਸ਼ਨੀਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਇਸ ਤੋਂ ਪਹਿਲਾਂ ਦੁਪਹਿਰ ਨੂੰ ਡਿਪਟੀ ਕਮਿਸ਼ਨਰ ਤੇ ਪੁਲਸ ਕਮਿਸ਼ਨਰ ਦੇ ਨਾਲ ਮੀਟਿੰਗ ਤੋਂ ਬਾਅਦ ਬੰਦ ਦੀ ਕਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਜਦਕਿ ਸ਼ਾਮ ਨੂੰ ਦੁਬਾਰਾ ਵਾਲਮੀਕਿ ਸਮਾਜ ਦੀ ਮੀਟਿੰਗ ਤੋਂ ਬਾਅਦ ਪੰਜਾਬ ਬੰਦ ਦੀ ਕਾਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਦੇਰ ਸ਼ਾਮ ਸੂਬੇ ਦੇ ਸਾਰੇ ਜ਼ਿਲਾ ਮੈਜਿਸਟ੍ਰੇਟਾਂ ਵਲੋਂ ਪੱਤਰ ਜਾਰੀ ਕਰ ਕੇ ਸੂਬੇ 'ਚ ਇਸ ਸੀਰੀਅਲ ਦੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਸਾਰੇ ਚੈਨਲਾਂ ਨੂੰ ਇਸ ਸਬੰਧ 'ਚ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਭਾਈਚਾਰੇ ਨੂੰ ਹਥਿਆਰ ਨਾ ਲੈ ਕੇ ਆਉਣ ਦੀ ਅਪੀਲ
ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਨੇ ਕਿਹਾ ਕਿ 7 ਸਤੰਬਰ ਨੂੰ ਬੰਦ ਦੀ ਕਾਲ 'ਚ ਉਨ੍ਹਾਂ ਦੀ ਵਾਲਮੀਕਿ ਭਾਈਚਾਰੇ ਨੂੰ ਅਪੀਲ ਹੈ ਕਿ ਬੰਦ ਨੂੰ ਸ਼ਾਂਤੀਪੂਰਨ ਬਣਾਉਣ 'ਚ ਸਾਥ ਦੇਣ। ਇਸ ਦੌਰਾਨ ਹਥਿਆਰ ਨਾਲ ਨਾ ਲੈ ਕੇ ਨਿਕਲਣ। ਗੋਰਾ ਨੇ ਸਾਰੇ ਮਾਰਕਿਟ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਬੰਦ 'ਚ ਉਨ੍ਹਾਂ ਦਾ ਸਾਥ ਦੇਣ।