ਰੋਜ਼ ਡੇ 'ਤੇ ਖਾਸ : ਪਿਆਰ ਦੀ ਡੂੰਘਾਈ ਨਾਲ ਗੁਲਾਬ ਦੇ ਰੰਗ ਦੀ ਕਰੋ ਚੋਣ
Friday, Feb 07, 2020 - 09:52 AM (IST)
ਜਲੰਧਰ (ਸ਼ੀਤਲ ਜੋਸ਼ੀ) - ਕੁਦਰਤ ਦੀ ਅਨਮੋਲ ਦੇਣ ਹਨ ਫੁੱਲ, ਜਿਸ ਨੂੰ ਵੇਖਦਿਆਂ ਹਰ ਕਿਸੇ ਦਾ ਦਿਲ ਉਸ ਦੀ ਖੁਸ਼ਬੂ ਨਾਲ ਮਹਿਕ ਜਾਂਦਾ ਹੈ। ਹਿੰਦੀ ਫਿਲਮਾਂ 'ਚ ਪਿਆਰ ਵਿਖਾਉਣ ਲਈ ਫੁੱਲ ਇਕ ਅਜਿਹਾ ਜ਼ਰੀਆ ਹੈ, ਜੋ ਆਪਣੀ ਸੁਗੰਧ ਤੇ ਕੋਮਲਤਾ ਨਾਲ ਪਿਆਰ ਦੇ ਮੈਸੰਜਰ ਦੇ ਰੂਪ ਵਿਚ ਸੁਨੇਹਾ ਪਹੁੰਚਾਉਂਦਾ ਹੈ।
ਕੀ ਹੈ ਰੋਜ਼ ਡੇ?
ਪਿਆਰ ਇਕ ਅਜਿਹਾ ਅਹਿਸਾਸ ਹੈ ਜਿਸ ਨੂੰ ਬਿਆਨ ਕਰਨਾ ਸੌਖਾ ਨਹੀਂਪਰ ਇਸ ਕੋਮਲ ਅਹਿਸਾਸ ਦੇ ਪ੍ਰਗਟਾਅ ਲਈ ਫੁੱਲ ਤੋਂ ਕੋਮਲ ਕੁਝ ਹੋ ਨਹੀਂ ਸਕਦਾ। ਲਾਲ ਗੁਲਾਬ ਨੂੰ ਪਿਆਰ ਤੇ ਰੋਮਾਂਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਇਦ ਇਸ ਲਈ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਵੀ 'ਰੋਜ਼ ਡੇ' ਨਾਲ ਹੁੰਦੀ ਹੈ। ਫੁੱਲਾਂ ਦੇ ਆਦਾਨ-ਪ੍ਰਦਾਨ ਨਾਲ ਜਿੱਥੇ ਇਕ ਪਾਸੇ ਅਸੀਂ ਆਪਣੇ ਹਮ ਉਮਰ ਲੋਕਾਂ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਾਂ, ਉਥੇ ਇਨ੍ਹਾਂ ਫੁੱਲਾਂ ਨੂੰ ਅਸੀਂ ਭਗਵਾਨ ਦੇ ਚਰਨਾਂ 'ਚ ਅਥਾਹ ਸ਼ਰਧਾ ਨਾਲ ਭੇਟ ਕਰਦੇ ਹਾਂ। ਆਪਣੇ ਤੋਂ ਵੱਡਿਆਂ ਨੂੰ ਸਨਮਾਨ ਵਜੋਂ ਭੇਟ ਕਰ ਕੇ ਉਨ੍ਹਾਂ ਪ੍ਰਤੀ ਆਪਣਾ ਆਦਰ ਸਨਮਾਨ ਪ੍ਰਗਟ ਕਰਦੇ ਹਾਂ। ਕਹਿਣ ਦਾ ਭਾਵ ਕਿ ਇਹ ਜ਼ਰੂਰੀ ਨਹੀਂ ਕਿ ਸਿਰਫ ਪ੍ਰੇਮੀ ਤੇ ਪ੍ਰੇਮਿਕਾ ਫੁੱਲਾਂ ਦਾ ਆਦਾਨ ਪ੍ਰਦਾਨ ਕਰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਸਗੋਂ ਇਹ ਹਰ ਉਮਰ ਵਰਗ ਦੇ ਲੋਕਾਂ ਲਈ ਸ਼ਰਧਾ, ਪ੍ਰੇਮ, ਆਦਰ ਸਨਮਾਨ ਪੇਸ਼ ਕਰਨ ਦਾ ਜ਼ਰੀਆ ਹੈ।
ਪਿਆਰ ਦੇ ਹਿਸਾਬ ਨਾਲ ਦੇਵੋ ਗੁਲਾਬ...
ਵੈਲੇਨਟਾਈਨ ਵੀਕ 'ਚ ਵੈਸੇ ਤਾਂ ਲਾਲ ਰੰਗ ਦਾ ਜ਼ਿਆਦਾ ਮਹੱਤਵ ਹੁੰਦਾ ਹੈ। ਹਰ ਕਿਸੇ ਨੂੰ ਲਾਲ ਰੰਗ ਦਾ ਗੁਲਾਬ ਦੇਣ ਤੋਂ ਪਹਿਲਾਂ ਥੋੜ੍ਹਾ ਸੋਚ ਲਓ ਕਿਹੜੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਕਿਹੜੇ ਰੰਗ ਦਾ ਗੁਲਾਬ ਦੇਣਾ ਚਾਹੀਦਾ ਹੈ।
ਲਾਲ ਗੁਲਾਬ
ਲਾਲ ਰੰਗ ਦੇ ਗੁਲਾਬ ਨਾਲ ਦਿਲ ਦੇ ਇਮੋਸ਼ਨ ਜੁੜੇ ਹੁੰਦੇ ਹਨ ਕਿਉਂਕਿ ਲਾਲ ਰੰਗ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ। ਲਾਲ ਰੰਗ ਹੌਸਲਾ, ਬਹਾਦਰੀ, ਸ਼ਕਤੀ ਤੇ ਉਤਸ਼ਾਹ ਦਾ ਪ੍ਰਤੀਕ ਹੈ, ਜਿਸ ਨਾਲ ਰਿਸ਼ਤੇ 'ਚ ਮਜ਼ਬੂਤੀ ਅਤੇ ਵਿਸ਼ਵਾਸ ਵਧਦਾ ਹੈ। ਆਪਣੇ ਖਾਸ ਨੂੰ ਦੇਣ ਲਈ ਲਾਲ ਰੰਗ ਦੇ ਗੁਲਾਬ ਦੀ ਵਰਤੋਂ ਕਰੋ।
ਪੀਲਾ ਗੁਲਾਬ
ਪੀਲਾ ਰੰਗ ਨਵੀਂ ਊਰਜਾ, ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਇਸ ਨੂੰ 'ਟ੍ਰਿਕੀ ਰੰਗ' ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਮਨੁੱਖ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਹ ਰੰਗ ਸਾਕਾਰਾਤਮਕਤਾ, ਰਚਨਾਤਮਕਤਾ, ਸਵੈ-ਭਰੋਸਾ ਤੇ ਮਿੱਤਰਤਾ ਦੀ ਭਾਵਨਾ ਨੂੰ ਵਧਾਉਂਦਾ ਹੈ। ਇਸ ਲਈ ਦੋਸਤੀ ਦੀ ਸ਼ੁਰੂਆਤ 'ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪੀਲੇ ਰੰਗ ਦਾ ਗੁਲਾਬ ਦੇਣਾ ਚਾਹੀਦਾ ਹੈ।
ਸਫੈਦ ਗੁਲਾਬ
ਪਿਆਰ ਪ੍ਰਵਾਨ ਚੜ੍ਹੇਗਾ ਜਾਂ ਨਹੀਂ, ਜੇਕਰ ਇਹ ਦੁਚਿੱਤੀ ਹੈ ਤਾਂ ਦੋਸਤੀ ਦੀ ਸ਼ੁਰੂਆਤ 'ਚ ਸਵੱਛਤਾ ਤੇ ਸ਼ਾਂਤੀ ਦਾ ਪ੍ਰਤੀਕ ਸਫੈਦ ਰੰਗ ਦਾ ਗੁਲਾਬ ਭੇਟ ਕਰੋ। ਆਪਣੀਆਂ ਗਲਤੀਆਂ ਦੀ ਮੁਆਫੀ ਲਈ ਇਸ ਰੰਗ ਦੇ ਗੁਲਾਬ ਦੀ ਵਰਤੋਂ ਕਰੋ, ਕਿਉਂਕਿ ਇਸ ਰੰਗ ਦੀ ਨਿਰਮਲਤਾ ਤੁਹਾਡੇ ਪਿਆਰ ਦੇ ਸੁਨੇਹੇ ਨੂੰ ਪਹੁੰਚਾਉਣ ਦਾ ਕੰਮ ਸੌਖਾਲਾ ਕਰ ਦੇਵੇਗੀ।
ਗੁਲਾਬੀ ਗੁਲਾਬ
ਰੋਜ਼ ਡੇ 'ਤੇ ਜੇਕਰ ਗੁਲਾਬੀ ਗੁਲਾਬ ਮਿਲ ਜਾਵੇ ਤਾਂ ਚਿਹਰਾ ਵੈਸੇ ਗੁਲਾਬੀ ਰੰਗ ਵਾਂਗ ਖਿੜ ਜਾਂਦਾ ਹੈ। ਵੈਸੇ ਇਸ ਰੰਗ ਦਾ ਗੁਲਾਬ ਮਾਤਾ-ਪਿਤਾ, ਭਰਾ-ਭੈਣ ਜਾਂ ਆਪਣੇ ਤੋਂ ਛੋਟੀ ਉਮਰ ਦੇ ਲੋਕਾਂ ਲਈ ਪ੍ਰੇਮ ਤੇ ਵੱਡਿਆਂ ਲਈ ਸਨਮਾਨ ਵਿਖਾਉਣ ਲਈ ਭੇਟ ਕਰ ਸਕਦੇ ਹੋ। ਚਿਹਰੇ 'ਤੇ ਖੁਸ਼ੀ ਲਿਆਉਣ ਅਤੇ ਆਪਣੇ ਰਿਸ਼ਤੇ 'ਚ ਨਵਾਂ ਉਤਸ਼ਾਹ ਭਰਨ ਲਈ ਗੁਲਾਬੀ ਰੰਗ ਦੇ ਗੁਲਾਬ ਤੋਂ ਬਿਹਤਰ ਕੁਝ ਹੋਰ ਨਹੀਂ।
ਬੈਂਗਣੀ ਗੁਲਾਬ
ਇਸ ਰੰਗ ਦਾ ਗੁਲਾਬ ਮਿਲਣਾ ਆਸਾਨ ਨਹੀਂ ਹੈ। ਇਹ ਜਾਦੂਈ ਰੰਗ ਧਾਰਮਿਕਤਾ ਤੇ ਅਧਿਆਤਮਕਤਾ ਨੂੰ ਦਰਸਾਉਂਦਾ ਹੈ। ਪਹਿਲੀ ਨਜ਼ਰ 'ਚ ਪਿਆਰ ਭਾਵ 'ਲਵ ਐਟ ਫਸਟ ਸਾਈਟ' ਨੂੰ ਪ੍ਰਪੋਜ਼ ਕਰਨ ਲਈ ਇਸ ਰੰਗ ਦੇ ਗੁਲਾਬ ਦੀ ਵਰਤੋਂ ਕਰ ਸਕਦੇ ਹੋ। 'ਪਿਆਰ' ਜਿਹੇ ਅਨਮੋਲ ਭਾਵ ਨੂੰ ਫੁੱਲਾਂ ਦੀ ਖੁਸ਼ਬੂ ਨਾਲ ਆਪਣੇ ਪ੍ਰੀਤਮ ਤੱਕ ਪਹੁੰਚਾ ਕੇ ਰੋਜ਼ 'ਡੇ 'ਤੇ ਮਹਿਕਾਓ ਆਪਣੀ ਜ਼ਿੰਦਗੀ।