ਚੀਲ ਦੇ ਰੁੱਖਾਂ ਕਰਕੇ ਸੜ ਰਹੇ ਹਨ ਉੱਤਰਾਖੰਡ ਦੇ ਜੰਗਲ (ਵੀਡੀਓ)

Friday, May 29, 2020 - 04:22 PM (IST)

ਜਲੰਧਰ (ਬਿਊਰੋ) - ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਹੋਈ ਅੱਗ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋਂ ਕਈ ਤਸਵੀਰਾਂ ਤਾਜ਼ੀਆਂ ਹਨ ਅਤੇ ਕਈ ਤਸਵੀਰਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਵਿਚੋਂ ਜ਼ਿਆਦਾਤਰ ਤਸਵੀਰਾਂ ਅਜਿਹੀਆਂ ਹਨ, ਜੋ ਉੱਤਰਾਖੰਡ ਦੀ ਮੌਜੂਦਾ ਅੱਗ ਦੀਆਂ ਨਹੀਂ ਹਨ। ਦੱਸ ਦੇਈਏ ਕਿ 25 ਮਈ ਤੱਕ ਮਿਲੇ ਅੰਕੜਿਆਂ ਮੁਤਾਬਕ 71 ਹੈਕਟੇਅਰ ਜੰਗਲ ਅੱਗ ਦੀ ਭੇਟ ਚੜ੍ਹਿਆ ਹੈ, ਜਿਸ ਵਿੱਚ ਦੋ ਤੀਵੀਆਂ ਦੀ ਮੌਤ ਹੋ ਗਈ ਸੀ। ਜੰਗਲਾਤ ਮਹਿਕਮੇ ਮੁਤਾਬਕ ਇਸ ਸਾਲ ਦੀ ਲੱਗੀ ਅੱਗ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਪਿਛਲੇ ਵਰ੍ਹੇ ਇਨ੍ਹਾਂ ਦਿਨਾਂ ਤੱਕ ਲੱਗਭੱਗ ਡੇਢ ਹਜ਼ਾਰ ਹੈਕਟੇਅਰ ਜੰਗਲ ਅੱਗ ਦੀ ਭੇਟ ਚੜ੍ਹ ਚੁੱਕਾ ਸੀ, ਜਦਕਿ ਇਸ ਵਾਰ ਇਹ ਅੰਕੜਾ ਸਿਰਫ 71 ਹੈਕਟੇਅਰ ਹੈ। 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ਚੂਹੜ ਰਬਾਬੀ

ਜੰਗਲਾਤ ਮਹਿਕਮੇ ਮੁਤਾਬਕ ਇਸ ਵਰ੍ਹੇ ਬਹੁਤ ਜ਼ਿਆਦਾ ਮੀਂਹ ਪਿਆ ਹੈ, ਜਿਸ ਕਾਰਨ ਜੰਗਲਾਂ ਵਿੱਚ ਨਮੀ ਪਹਿਲਾਂ ਨਾਲੋਂ ਜ਼ਿਆਦਾ ਹੈ। ਇਸ ਕਰ ਕੇ ਅੱਗ ਘੱਟ ਫੈਲੀ ਹੈ। ਦੂਜਾ ਕਾਰਨ ਇਹ ਹੈ ਕਿ ਤਾਲਾਬੰਦੀ ਕਾਰਨ ਮਨੁੱਖਾਂ ਦੀਆਂ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਹਰਕਤਾਂ ਵੀ ਕਾਬੂ ਵਿੱਚ ਰਹੀਆਂ ਹਨ। ਉੱਤਰਾਖੰਡ ’ਚ ਤਕਰੀਬਨ 38 ਹਜ਼ਾਰ ਵਰਗ ਕਿਲੋਮੀਟਰ ਖੇਤਰ ਜੰਗਲੀ ਰਕਬੇ ਹੇਠ ਆਉਂਦਾ ਹੈ, ਜਿਸ ਵਿੱਚੋਂ ਪੰਦਰਾਂ ਤੋਂ ਵੀਹ ਫ਼ੀਸਦੀ ਖੇਤਰ ਚੀਲ ਦੇ ਰੁੱਖਾਂ ਦਾ ਹੈ। ਇਨ੍ਹਾਂ ਝੀਲ ਦੇ ਰੁੱਖਾਂ ਕਾਰਨ ਹੀ ਅੱਗ ਜ਼ਿਆਦਾ ਫੈਲਦੀ ਹੈ, ਕਿਉਂਕਿ ਝੀਲ ਦੇ ਪੱਤੇ ਅੱਗ ਵਿੱਚ ਘਿਓ ਦਾ ਕੰਮ ਕਰਦੇ ਹਨ। ਇਹ ਪੱਤੇ ਰੁੱਖਾਂ ਨਾਲੋਂ ਮਾਰਚ ਵਿੱਚ ਟੁੱਟਣਾ ਸ਼ੁਰੂ ਹੋ ਜਾਂਦੇ ਹਨ ਅਤੇ ਇਨ੍ਹਾਂ ਤੋਂ ਤਕਰੀਬਨ 15 ਲੱਖ ਮੀਟਰਿਕ ਟਨ ਬਾਇਓਮਾਸ ਬਣ ਕੇ ਪੂਰੇ ਜੰਗਲ ਵਿੱਚ ਵਿਛ ਜਾਂਦੀ ਹੈ। ਇਸ ਦੇ ਦੋ ਨੁਕਸਾਨ ਹਨ ਇੱਕ ਤਾਂ ਇਹ ਕਿ ਇਹ ਪੱਤੇ ਜਿੱਥੇ ਡਿੱਗ ਜਾਂਦੇ ਹਨ, ਉੱਥੇ ਕੋਈ ਹੋਰ ਬੂਟਾ ਨਹੀਂ ਉੱਗ ਸਕਦਾ। 

ਪੜ੍ਹੋ ਇਹ ਵੀ ਖਬਰ -  ਖੇਡ ਰਤਨ ਪੰਜਾਬ ਦੇ : ਪੰਜਾਬ ਦੀ ਮੈਰੀ ਕੌਮ ‘ਸਿਮਰਨਜੀਤ ਕੌਰ’

ਦੂਜਾ ਇਨ੍ਹਾਂ ਪੱਤਿਆਂ ਵਿੱਚ ਰੈਜਿਨ ਹੁੰਦਾ ਹੈ, ਜਿਸ ਕਾਰਨ ਇਹ ਬਹੁਤ ਜ਼ਿਆਦਾ ਅੱਗ ਫੜ੍ਹਨ ਵਾਲੇ ਹੁੰਦੇ ਹਨ। ਹਲਕਾ ਫਲੀਆਂ ਡਿੱਗਣ ’ਤੇ ਹੀ ਇਨ੍ਹਾਂ ਪੱਤਿਆਂ ਤੋਂ ਭਾਂਬੜ ਬਣ ਜਾਂਦਾ ਹੈ ਅਤੇ ਹਵਾ ਦੇ ਨਾਲ ਇਹ ਅੱਗ ਜੰਗਲ ’ਚ ਫੈਲ ਜਾਂਦੀ ਹੈ। ਮਾਹਿਰ ਕਹਿੰਦੇ ਹਨ ਕਿ ਜੰਗਲ ਵਿੱਚ ਅੱਗ ਲੱਗਣ ਦੀ ਸ਼ੁਰੂਆਤ ਪਿੱਛੇ ਬੰਦੇ ਦਾ ਹੀ ਹੱਥ ਹੈ, ਕਿਉਂਕਿ ਦਸ ਵਿੱਚੋਂ ਸੱਤ ਘਟਨਾਵਾਂ ਬੰਦੇ ਦੀ ਗ਼ਲਤੀ ਕਾਰਨ ਹੀ ਹੁੰਦੀਆਂ ਹਨ। ਕਈ ਲੋਕ ਡੰਗਰਾਂ ਦੇ ਪੱਠਿਆਂ ਲਈ ਅੱਗ ਲਾ ਕੇ ਜ਼ਮੀਨ ਸਾਫ਼ ਕਰਦੇ ਹਨ ਅਤੇ ਕਈ ਜੰਗਲ ’ਚ ਬੀੜੀ ਸਿਗਰਟ ਪੀ ਕੇ ਸੁੱਟ ਦਿੰਦੇ ਹਨ। ਕਈ ਵਾਰ ਅੱਗ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜਨ ਕਰਕੇ ਡਿੱਗੇ ਚੰਗਿਆੜਿਆਂ ਤੋਂ ਵੀ ਲੱਗ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ -  ਕੀ ਕਦੇ ਕਿਸੇ ਨੂੰ ਪਤਾ ਸੀ, ਦਵਾਈਆਂ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਨਗੀਆਂ

 ਉੱਤਰਾਖੰਡ ਦੇ ਜੰਗਲਾਂ ਵਿੱਚ ਅੱਗ ਲੱਗਣਾ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਇਹ ਪੁਰਾਣਾ ਸਿਲਸਿਲਾ ਹੈ ਜੋ ਕਈ ਸਾਲਾਂ ਤੋਂ ਤੁਰਿਆ ਆ ਰਿਹਾ ਹੈ। ਪਰ ਪਹਿਲਾਂ ਦੇ ਮੁਕਾਬਲੇ ਹੁਣ ਅੱਗ ਜ਼ਿਆਦਾ ਭਿਆਨਕ ਰੂਪ ਵਿੱਚ ਲੱਗਣ ਲੱਗੀ ਹੈ। ਇਸ ਦਾ ਕਾਰਨ ਇਹ ਹੈ ਕਿ ਪਹਿਲਾਂ ਲੋਕ ਜੰਗਲਾਂ ਵਿੱਚ ਬਾਲਣ ਲੈਣ ਜਾਂਦੇ ਸਨ ਅਤੇ ਸੁੱਕੇ ਪੱਤੇ ਜਾਂ ਹੋਰ ਲੱਕੜੀਆਂ ਵੀ ਲੈ ਆਉਂਦੇ ਸਨ ਜਿਸ ਨਾਲ ਜੰਗਲ ਸਾਫ਼ ਰਹਿੰਦਾ ਸੀ। ਦੂਜਾ ਕਾਰਨ ਇਹ ਵੀ ਹੈ ਕਿ ਲੋਕ ਉੱਤਰਾਖੰਡ ਤੋਂ ਹੋਰਾਂ ਪਾਸਿਆਂ ਨੂੰ ਪਰਵਾਸ ਕਰ ਗਏ ਹਨ ਜਦੋਂ ਉਹ ਉੱਥੇ ਰਹਿੰਦੇ ਸਨ ਤਾਂ ਉਹ ਖੁਦ ਹੀ ਅੱਗ ਲੱਗਣ ਡਰੋਂ ਜੰਗਲ ਨੂੰ ਸਾਫ਼ ਕਰ ਲੈਂਦੇ ਸਨ। ਜੰਗਲਾਤ ਮਹਿਕਮਾ ਕਹਿੰਦਾ ਹੈ ਕਿ ਜੇਕਰ ਮਿੱਟੀ ਅੰਦਰ ਨਮੀ ਹੋਵੇਗੀ ਤਾਂ ਅੱਗ ਦੀਆਂ ਘਟਨਾਵਾਂ ਘੱਟ ਹੋਣਗੀਆਂ। ਇਸੇ ਕਾਰਨ ਸੂਬੇ ਦੇ ਰੁਦਰਪ੍ਰਯਾਗ ਜ਼ਿਲ੍ਹੇ ਤੋਂ ਜਗਤ ਸਿੰਘ ਜੰਗਲੀ ਨੇ ਇੱਕ ਮਾਡਲ ਤਿਆਰ ਕੀਤਾ ਹੈ।ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੋ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ -  ਮਿੰਨੀ ਕਹਾਣੀ : ...ਸਾਡੀ ਸੋਚ ਕਿਉਂ ਉੱਥੇ ਹੀ ਖੜੀ ਹੈ।


rajwinder kaur

Content Editor

Related News