ਇਟਲੀ ’ਚ ਫਸੇ ਪੰਜਾਬੀ ਨੇ ਗੁਰੂ ਰੰਧਾਵਾ ਨੂੰ ਲਾਈ ਮਦਦ ਦੀ ਗੁਹਾਰ, ਮਿਲਿਆ ਇਹ ਜਵਾਬ

12/10/2020 2:19:59 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲਾਕਡਾਊਨ ’ਚ ਜੋ ਕੰਮ ਕਰ ਦਿਖਾਇਆ ਹੈ, ਉਸ ਦੇ ਸਾਰੇ ਮੁਰੀਦ ਹਨ। ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚਾਉਣ ’ਚ ਖੂਬ ਮਿਹਨਤ ਕੀਤੀ ਹੈ ਤੇ 10 ਕਰੋੜ ਦਾ ਕਰਜ਼ਾ ਲੈ ਕੇ ਅਣਗਿਣਤ ਭਾਰਤੀਆਂ ਦੇ ਮਸੀਹਾ ਬਣੇ ਹਨ।

ਹਾਲ ਹੀ ’ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਨਾਲ। ਅਸਲ ’ਚ ਗੁਰੂ ਰੰਧਾਵਾ ਟਵਿਟਰ ’ਤੇ ਲੋੜਵੰਦਾਂ ਦੀ ਮਦਦ ਕਰਦੇ ਦੇਖੇ ਜਾ ਰਹੇ ਹਨ। ਟਵੀਟਸ ਤੇ ਰੀ-ਟਵੀਟਸ ਰਾਹੀਂ ਗੁਰੂ ਰੰਧਾਵਾ ਮਦਦ ਲਈ ਆਉਣ ਵਾਲੇ ਲੋਕਾਂ ਲਈ ਖੜ੍ਹੇ ਵੀ ਹੋ ਰਹੇ ਹਨ।

ਅਜਿਹਾ ਹੀ ਇਕ ਟਵੀਟ ਸੋਨੂੰ ਸਿੰਘ ਨਾਂ ਦੇ ਇਕ ਯੂਜ਼ਰ ਨੇ ਗੁਰੂ ਨੂੰ ਕੀਤਾ, ਜੋ ਇਟਲੀ ’ਚ ਫਸਿਆ ਹੈ। ਯੂਜ਼ਰ ਨੇ ਲਿਖਿਆ, ‘ਸਤਿ ਸ੍ਰੀ ਅਕਾਲ ਵੀਰ ਜੀ, ਬੇਨਤੀ ਹੈ ਮੇਰੀ ਮਦਦ ਕਰੋ ਮੈਂ ਇਟਲੀ ’ਚ ਬਹੁਤ ਮਜਬੂਰ ਹਾਂ ਪਿਛਲੇ 2 ਮਹੀਨਿਆਂ ਤੋਂ ਵਿਹਲਾ ਕੋਈ ਕੰਮ ਨਹੀਂ ਮਿਲਦਾ ਪਿਆ ਕਿਰਪਾ ਕਰਕੇ ਮਦਦ ਕਰੋ। ਭਾਰਤ ਜਾਣਾ ਚਾਹੁੰਦਾ ਟਿਕਟ ਖਰੀਦਣੀ ਬੇਨਤੀ ਪਰਵਾਨ ਕਰੋ ਥੋੜ੍ਹੀ ਆਰਥਿਕ ਮਦਦ ਕਰਦੋ ਕਿਰਪਾ ਕਰਕੇ। ਧੰਨਵਾਦ ਤੁਹਾਡਾ।’

ਯੂਜ਼ਰ ਦੇ ਇਸ ਟਵੀਟ ਦਾ ਗੁਰੂ ਨੇ ਸਾਕਾਰਾਤਮਕ ਢੰਗ ਨਾਲ ਜਵਾਬ ਦਿੱਤਾ ਤੇ ਲਿਖਿਆ, ‘ਜ਼ਰੂਰ ਵੀਰ, ਮੈਂ ਆਪਣੀ ਟੀਮ ਨੂੰ ਕਹਾਂਗਾ ਤੁਹਾਨੂੰ ਫੋਨ ਕਰਨ ਲਈ। ਜੇ ਸਾਨੂੰ ਲੱਗਾ ਤੁਹਾਨੂੰ ਸੱਚੀ ਮਦਦ ਚਾਹੀਦੀ ਹੈ ਤਾਂ ਅਸੀਂ ਜ਼ਰੂਰ ਇੰਤਜ਼ਾਮ ਕਰਾਂਗੇ। ਧੰਨਵਾਦ। ਵਾਹਿਗੁਰੂ ਮਿਹਰ ਕਰੇ।’

ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦੇ ਇਸ ਟਵੀਟ ਤੋਂ ਬਾਅਦ ਉਕਤ ਯੂਜ਼ਰ ਲਈ ਮਦਦ ਲਈ ਗੁਰੂ ਰੰਧਾਵਾ ਦੇ ਪ੍ਰਸ਼ੰਸਕ ਵੀ ਅੱਗੇ ਆ ਰਹੇ ਹਨ ਤੇ ਟਵਿਟਰ ’ਤੇ ਉਸ ਨੂੰ ਭਾਰਤ ਆਉਣ ਲਈ ਟਿਕਟ ਭੇਜਣ ਦੀ ਗੱਲ ਵੀ ਕਰ ਰਹੇ ਹਨ।

ਗੁਰੂ ਰੰਧਾਵਾ ਵਲੋਂ ਇਸ ਤੋਂ ਪਹਿਲਾਂ ਵੀ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

ਨੋਟ– ਗੁਰੂ ਰੰਧਾਵਾ ਵਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News