ਅਮਰੀਕਾ ''ਚ 23 ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ''ਚ ਮੌਤ
Tuesday, Nov 03, 2020 - 08:10 AM (IST)
ਨਿਊਯਾਰਕ, (ਗੁਰਿੰਦਰਜੀਤ ਨੀਟਾ ਮਾਛੀਕੇ /ਰਾਜ ਗੋਗਨਾ)— ਬੀਤੀ ਰਾਤ ਅਮਰੀਕਾ ਦੇ ਬੇਕਰਸਫੀਲਡ ਵਿਚ ਰਹਿੰਦੇ ਇਕ 23 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਨਾ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ, ਜਿਸ ਦਾ ਪਿਛਲਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ। ਸੁਣਨ ਵਿਚ ਆਇਆ ਹੈ ਕਿ ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਸਰਬਜੀਤ ਸਿੰਘ ਦਾ ਟਰੱਕ ਰੂਟ I-40 'ਤੇ ਇਕ ਰੈਸਟ ਏਰੀਏ ਵਿਖੇ ਖੜ੍ਹਾ ਸੀ, ਜਿਸ ਨੂੰ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰੀ ਅਤੇ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ । ਇਹ ਹਾਦਸਾ ਟੈਕਸਾਸ ਸੂਬੇ ਦੇ ਐਡਰਿਅਨ ਨੇੜੇ ਓਲਡੈਮ ਕਾਉੰਟੀ ਵਿਖੇ 1 ਨਵੰਬਰ ਨੂੰ ਰਾਤ ਦੇ 2:30 ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾਂਦਾ ਹੈ ਕਿ ਰੈਸਟ ਏਰੀਏ ਵਿਚ ਖੜ੍ਹਾ ਇਕ ਟਰੱਕ ਜੋ ਸਹੀ ਢੰਗ ਨਾਲ ਪਾਰਕ ਕੀਤਾ ਹੋਇਆ ਸੀ ਨਾਲ ਇਹ ਹਾਦਸਾ ਵਾਪਰਿਆ।
ਅਮਰੀਕਾ ਵਿਚ ਟਰੱਕਾਂ ਨਾਲ ਜੁੜੇ ਭਾਈਚਾਰੇ ਵਿਚ ਇਕ ਤੋਂ ਬਾਅਦ ਇਕ ਹੋ ਰਹੀਆਂ ਦੁਰਘਟਨਾਵਾਂ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੁਝ ਕੁ ਮਹੀਨੇ ਪਹਿਲਾਂ ਫਰਿਜ਼ਨੋ ਕੈਲੇਫੋਰਨੀਆ ਦੇ ਦੋ ਪੰਜਾਬੀ ਮੁੰਡੇ ਵੱਖ-ਵੱਖ ਟਰੱਕ ਹਾਦਸਿਆਂ ਜਿਉਂਦੇ ਸੜ ਗਏ ਸਨ ਤੇ ਇਸ ਫ਼ਾਨੀ ਦੁਨੀਆ ਤੋਂ ਸਦਾ ਲਈ ਕੂਚ ਕਰ ਗਏ ਸਨ, ਹੁਣ ਫਿਰ ਅਮਰੀਕਾ ਦੇ ਟੈਕਸਾਸ ਤੋਂ ਇਹ ਬਹੁਤ ਮਾੜੀ ਖ਼ਬਰ ਸੁਣਨ ਨੂੰ ਮਿਲੀ।ਇਸ ਦੁਖਦਾਈ ਘਟਨਾ ਕਾਰਨ ਕੈਲੀਫੋਰਨੀਆ ਦਾ ਟਰੱਕਿੰਗ ਭਾਈਚਾਰਾ ਗਹਿਰੇ ਸਦਮੇ ਵਿਚ ਹੈ।