ਮਾਮਲਾ ਅਮਰੀਕਾ 'ਚ ਹੋਏ ਕਤਲ ਦਾ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ (ਵੀਡੀਓ)
Wednesday, May 01, 2019 - 03:15 PM (IST)
ਫਤਿਹਗੜ੍ਹ ਸਾਹਿਬ (ਵਿਪਨ)—ਵਿਦੇਸ਼ੀ ਧਰਤੀ ਇਕ ਵਾਰ ਫਿਰ ਪੰਜਾਬੀਆਂ ਦੇ ਖੂਨ ਨਾਲ ਲਾਲ ਹੋ ਗਈ। ਮਾਮਲਾ ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਦਾ ਹੈ, ਜਿੱਥੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆ ਤੇ ਘੁੰਮਡਗੜ੍ਹ ਦੇ ਇਕ ਪਰਿਵਾਰ ਦੇ ਚਾਰ ਲੋਕਾਂ ਦੀ ਅਮਰੀਕਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਮੁਤਾਬਕ ਹਕੀਕਤ ਸਿੰਘ 40 ਸਾਲ ਪਹਿਲਾਂ ਅਮਰੀਕਾ ਗਿਆ ਸੀ,ਜਿਸ ਤੋਂ ਬਾਅਦ ਉਸ ਦੀ ਪਤਨੀ ਪਰਮਜੀਤ ਕੌਰ ਤੇ ਧੀ ਸੁਰਦਿੰਰ ਕੌਰ ਉਸ ਦੇ ਨਾਲ ਰਹਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਹਕੀਕਤ ਨੇ 20 ਦਿਨ ਪਹਿਲਾਂ ਹੀ ਫੋਨ 'ਤੇ ਭਾਰਤ ਵਾਪਸ ਆਉਣ ਦੀ ਗੱਲ ਆਖੀ ਸੀ ਤੇ 1 ਮਈ ਨੂੰ ਉਨ੍ਹਾਂ ਦੀ ਫਲਾਇਟ ਦਿੱਲੀ ਏਅਰਪੋਰਟ ਪਹੁੰਚਣੀ ਸੀ ਪਰ ਇਸ ਤੋਂ ਪਹਿਲਾਂ ਹੀ ਅਣਜਾਣ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਹਕੀਕਤ ਦੀ ਸਾਲੀ ਅਮਰਜੀਤ ਕੌਰ ਵੀ ਉਥੇ ਮੌਜੂਦ ਸੀ ਜੋ ਇਸ ਹਾਦਸੇ 'ਚ ਪਰਿਵਾਰ ਸਮੇਤ ਮਾਰੀ ਗਈ। ਪਰਿਵਾਰਕ ਮੈਂਬਰਾਂ ਦੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਤੇ ਪਿੰਡ ਸਦਮੇ 'ਚ ਹੈ।
ਪਰਿਵਾਰ ਨੇ ਜਿੱਥੇ ਭਾਰਤ ਸਰਕਾਰ ਅੱਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਅਪੀਲ ਕੀਤੀ ਹੈ , ਉਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ।