ਅਮਰੀਕਾ ਦੀਆਂ 80 ਸਿੱਖ ਸੰਸਥਾਵਾਂ ਦਾ ਐਲਾਨ, ਅੰਦੋਲਨ ਦਾ ਵਿਰੋਧ ਕਰਨ ਵਾਲੇ ਕਲਾਕਾਰਾਂ ਤੇ ਖਿਡਾਰੀਆਂ ਦਾ ਹੋਵੇਗਾ ਵਿਰੋਧ
Monday, Feb 08, 2021 - 06:18 PM (IST)
ਫਰਿਜ਼ਨੋ/ਜਲੰਧਰ (ਰਮਨਦੀਪ ਸੋਢੀ) : ਲੰਘੇ ਐਤਵਾਰ ਅਮਰੀਕਾ ਦੀਆਂ 80 ਤੋਂ ਵਧੇਰੇ ਸਿੱਖ ਜੱਥੇਬੰਦੀਆਂ ਨੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਭਾਰਤ ਵਿਚ ਚੱਲ ਰਹੇ ਅੰਦੋਲਨ ਦੀ ਹਿਮਾਇਤ ਲਈ ਵਿਸ਼ੇਸ਼ ਸਭਾ ਬੁਲਾਈ। ਇਸ ਵਿਚ ਸਥਾਨਕ ਲੋਕਾਂ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਭਾ ਵਿਚ ਫਰਿਜ਼ਨੋ (ਕੈਲੇਫੋਰਨੀਆਂ) ਦੇ ਮੇਅਰ ਜੈਰੀ ਡਾਇਰ ਵੀ ਸ਼ਾਮਲ ਹੋਏ, ਜਿਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਵਿਸ਼ਵ ਵਿਚ ਕਿਤੇ ਵੀ ਚਾਹੇ ਉਹ ਭਾਰਤ ਹੋਵੇ ਜਾਂ ਅਮਰੀਕਾ ਜੇਕਰ ਲੋਕਤੰਤਰ ਦਾ ਘਾਣ ਹੁੰਦਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਕਰਦਿਆਂ ਇਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ। ਇਕੱਤਰ ਹੋਈ ਸਭਾ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਅੰਦੋਲਨ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਘਟਨਾ : ਨਵਰੀਤ, ਰਣਜੀਤ ਅਤੇ ਨੌਦੀਪ ਦੇ ਮਾਮਲੇ 'ਚ ਸਬੂਤ ਇਕੱਠੇ ਕਰਨ ਲੱਗੇ ਵਕੀਲ
ਇਸ ਸਭਾ ਵਿਚ ਇਕੱਤਰ ਹੋਈ ਸੰਗਤ ਨੇ ਕੁਝ ਮਤੇ ਪਾਸ ਕੀਤੇ, ਜਿਸ ਵਿਚ ਮੁੱਖ ਤੌਰ 'ਤੇ ਉਨ੍ਹਾਂ ਕਲਾਕਾਰਾਂ ਅਤੇ ਖਿਡ਼ਾਰੀਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ, ਜੋ ਕਿਸਾਨ ਅੰਦੋਲਨ ਦੇ ਖ਼ਿਲਾਫ਼ ਬੋਲ ਰਹੇ ਹਨ। ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਕਿ ਜਿਹੜੇ ਬਾਲੀਵੁੱਡ ਦੇ ਕਲਾਕਾਰਾ ਅਤੇ ਖਿਡਾਰੀਆ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਹੈ, ਉਨ੍ਹਾਂ ਦਾ ਅਮਰੀਕਾ ਵਿਚ ਹਰ ਜਗ੍ਹਾ ਤੇ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ ਉੱਤੇ ਉਹਨਾਂ ਦਾ ਸਾਥ ਦਿੱਤਾ ਤਾਂ ਉਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ 'ਤੇ
ਸਭਾ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾ, ਕਿਸਾਨਾ ਅਤੇ ਪੱਤਰਕਾਰਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਕੋਲੋਂ ਇਨ੍ਹਾਂ ਕੇਸਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਐਕਟਿਵਿਸਟ ਨੌਦੀਪ ਕੌਰ ਅਤੇ ਉਨ੍ਹਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵੀ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਖਾਲਸਾ ਏਡ, ਏਸੀ਼ਆ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਮੋਰਚੇ ਦੀ ਅਜੋਕੀ ਸਥਿਤੀ ਦੱਸੀ ਅਤੇ ਚੱਲ ਰਹੀਆਂ ਸਮਾਜ ਸੇਵੀ ਸੇਵਾਵਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਰਾਜ ਸਭਾ 'ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ 'ਤੇ ਵਿਅੰਗ, ਕਿਹਾ '84 ਦੀ ਗੱਲ ਕਰਨੀ ਕਿਵੇਂ ਭੁੱਲ ਗਏ
ਸਭਾ ਦੇ ਅੰਤ ਵਿਚ ਸਮੂਹ ਸੰਗਤ ਵੱਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਮਤੇ ਪਾਏ ਗਏ। ਸਿੱਖ ਸੰਸਥਾਵਾਂ ਵਲੋਂ ਜਿੱਥੇ ਜਥੇਬੰਦੀਆਂ ਨੂੰ ਇਕ ਜੁੱਟ ਰਹਿਣ ਦੀ ਅਪੀਲ ਕੀਤੀ ਗਈ, ਉਥੇ ਇਹ ਵੀ ਸੁਝਾਅ ਦਿੱਤਾ ਗਿਆ ਕਿ ਗ੍ਰਿਫ਼ਤਾਰ ਹੋਏ ਕਿਸਾਨਾਂ, ਨੌਜਵਾਨਾਂ ਅਤੇ ਪੱਤਰਕਾਰਾਂ ਦੀ ਰਿਹਾਈ ਲਈ ਵੀ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਕਾਰਜ ਲਈ ਉਨ੍ਹਾਂ ਜਥੇਬੰਦੀਆਂ ਨੂੰ ਹਰ ਮਦਦ ਦੇਣ ਐਲਾਨ ਵੀ ਕੀਤਾ।
ਇਹ ਵੀ ਪੜ੍ਹੋ : ਬਨੂੜ ਦੇ ਕਿਸਾਨ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਹਰ ਕੋਈ ਕਰ ਰਿਹਾ ਸਫ਼ਤਾਂ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।