ਯੂਰੀਆ ਲਈ ਖਾਕ ਛਾਣਦੇ ਫਿਰ ਰਹੇ ਹਨ ਪੰਜਾਬ ਦੇ ਕਿਸਾਨ

11/13/2020 12:14:39 PM

ਬਠਿੰਡਾ (ਬਿਊਰੋ) - ਯੂਰੀਆ ਖਾਦ ਦੇ ਸੰਕਟ ਨੇ ਕਿਸਾਨਾਂ ਦਾ ਦਮ ਕੱਢ ਦਿੱਤਾ ਹੈ। ਮਾਲ ਗੱਡੀਆਂ ਬੰਦ ਹੋਣ ਕਰ ਕੇ ਪੰਜਾਬ ’ਚ ਖਾਦ ਦਾ ਸੰਕਟ ਡੂੰਘਾ ਹੋ ਗਿਆ ਹੈ। ਕਿਸਾਨ ਖਾਦ ਲਈ ਇਧਰ-ਉਧਰ ਭੱਜ ਨੱਠ ਕਰਨ ਲੱਗੇ ਹਨ ਪਰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ। ਪੇਂਡੂ ਸਹਿਕਾਰੀ ਸਭਾਵਾਂ ਦੇ ਗੋਦਾਮ ਖਾਲੀ ਹਨ, ਕਈ ਸਭਾਵਾਂ ਨੂੰ ਤਾਂ ਦੇਖਣ ਲਈ ਖਾਦ ਦਾ ਗੱਟਾ ਨਹੀਂ ਮਿਲਿਆ। ਸਬਜ਼ੀ ਅਤੇ ਕਣਕ ਦੇ ਕਾਸਤਕਾਰਾਂ ਨੂੰ ਤਾਂ ਫੌਰੀ ਯੂਰੀਆ ਖਾਦ ਦੀ ਲੋੜ ਹੈ। ਮੋਦੀ ਸਰਕਾਰ ਨੇ ਰੇਲ ਆਵਾਜਾਈ ਬਹਾਲ ਕਰਨ ਲਈ ਅੜੀ ਫੜੀ ਹੋਈ ਹੈ, ਜੋ ਕਿਸਾਨਾਂ ’ਤੇ ਭਾਰੀ ਪੈਣ ਲੱਗੀ ਹੈ। ਸੀਮਾ ਨਾਲ ਲੱਗਦੇ ਪਿੰਡਾਂ ਦੇ ਕੁਝ ਕਿਸਾਨਾਂ ਨੇ ਹਰਿਆਣਾ ’ਚੋਂ ਖਾਦ ਖਰੀਦੀ ਹੈ। ਫਿਰ ਵੀ ਮੰਗ ਦੇ ਸਾਹਮਣੇ ਸੰਕਟ ਵੱਡਾ ਹੈ। ਹੁਣ ਤਾਂ ਹਰਿਆਣਾ ਸਰਕਾਰ ਨੇ ਵੀ ਚੌਕਸੀ ਵਧਾ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’  

ਪਤਾ ਲੱਗਾ ਹੈ ਕਿ ਬਾਜ਼ਾਰਾਂ ’ਚੋਂ ਵੀ ਪੂਰੀ ਮਾਤਰਾ ’ਚ ਖਾਦ ਨਹੀਂ ਮਿਲ ਰਹੀ, ਜੋ ਉਪਲੱਬਧ ਹੈ, ਉਸਦਾ ਭਾਅ ਸਹਿਕਾਰੀ ਸਭਾਵਾਂ ਨਾਲੋਂ ਜ਼ਿਆਦਾ ਹੈ। ਮਰਦੇ ਕਿਸਾਨਾਂ ਨੂੰ ਅੱਕ ਚੱਬਣਾ ਪੈ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਮੁੱਢਲੇ ਪੜਾਅ ’ਤੇ ਫ਼ਸਲ ਨੂੰ ਖਾਦ ਨਹੀਂ ਮਿਲਦੀ ਤਾਂ ਇਸਦਾ ਅਸਰ ਪੌਦਿਆਂ ਦੇ ਵਧਣ-ਫੁੱਲਣ ’ਤੇ ਪਵੇਗਾ।

ਬਠਿੰਡਾ ਜ਼ਿਲੇ ਦੀਆਂ ਸਹਿਕਾਰੀ ਸਭਾਵਾਂ ਨੂੰ ਇਫਕੋ ਵਲੋਂ 35 ਫੀਸਦੀ ਤੇ ਮਾਰਕਫੈੱਡ ਵਲੋਂ 65 ਫੀਸਦੀ ਖਾਦ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਸਭਾਵਾਂ ਨੂੰ ਯੂਰੀਆ ਦੀ ਜੋ ਸਪਲਾਈ ਕੀਤੀ ਗਈ ਸੀ, ਉਹ ਕਾਫੀ ਘੱਟ ਮਾਤਰਾ ਸੀ। ਹੁਣ ਇਹ ਸਟਾਕ ਖਤਮ ਹੋ ਚੁੱਕੇ ਹਨ, ਜਦਕਿ ਨਵਾਂ ਸਟਾਕ ਆ ਨਹੀਂ ਰਿਹਾ। ਕਿਸਾਨ ਜਰਨੈਲ ਸਿੰਘ ਨੂੰ 40 ਗੱਟੇ ਯੂਰੀਆ ਦੀ ਲੋੜ ਹੈ ਪਰ ਉਸ ਨੂੰ ਇਕ ਵੀ ਗੱਟਾ ਹਾਲੇ ਤਕ ਨਹੀਂ ਮਿਲਿਆ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਇਸੇ ਤਰ੍ਹਾਂ ਕਿਸਾਨ ਮਲਕੀਤ ਸਿੰਘ ਨੂੰ 50 ਗੱਟਿਆਂ ਦੀ ਲੋੜ ਹੈ ਪਰ ਉਸਦੇ ਹੱਥ ਖਾਲੀ ਹਨ। ਕਿਸਾਨ ਹਰਬੰਸ ਸਿੰਘ ਅਤੇ ਭੋਲਾ ਸਿੰਘ ਦਾ ਕਹਿਣਾ ਸੀ ਕਿ ਉਹ ਯੂਰੀਆ ਖਾਤਰ ਸਹਿਕਾਰੀ ਸਭਾ ਦੀ ਸਰਦਲ ਨੀਵੀਂ ਕਰ ਚੁੱਕੇ ਹਨ। ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਸੰਕਟ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਸਨ।

ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜ਼ਨ ਫਿਰੋਜ਼ਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਯੂਰੀਆ ਦੀ ਸਪਲਾਈ ਨਾ ਆਈ ਤਾਂ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਵੇਗੀ, ਜਦੋਂਕਿ ਸਬਜ਼ੀਆਂ ’ਤੇ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਸੀਬਤ ’ਚ ਫਸੇ ਕਿਸਾਨ ਸਹਿਕਾਰੀ ਮੁਲਾਜ਼ਮਾਂ ਕੋਲ ਆਉਂਦੇ ਹਨ ਤੇ ਖਾਦ ਨਾ ਆਉਣ ਕਾਰਨ ਵਾਪਸ ਮੁੜਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੰਕਟ ਦੂਰ ਕਰਨ ਲਈ ਹੰਗਾਮੀ ਕਦਮ ਚੁੱਕੇ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

ਪਿੰਡ ਜੈ ਸਿੰਘ ਵਾਲਾ ਦੀ ਸਹਿਕਾਰੀ ਸਭਾ ਵਲੋਂ ਕਿਸਾਨਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਸਾਢੇ 5 ਹਜ਼ਾਰ ਗੱਟਿਆਂ ਦੀ ਮੰਗ ਕੀਤੀ ਗਈ ਹੈ ਪਰ ਮਿਲਿਆ ਕੁਝ ਨਹੀਂ। ਦਿਉਣ ਸਹਿਕਾਰੀ ਸਭਾ ਨੇ 5 ਹਜ਼ਾਰ ਗੱਟੇ ਮੰਗੇ ਸਨ, ਜੋ ਮਿਲੇ ਨਹੀਂ ਹਨ। ਪਿੰਡ ਜੀਦਾ ਦੀ ਸਹਿਕਾਰੀ ਸਭਾ ਨੂੰ ਵੀ 7 ਸੌ ਗੱਟਾ ਮਿਲਿਆ ਹੈ, ਜਦੋਂਕਿ ਉਨ੍ਹਾਂ ਦੀ ਮੰਗ 7 ਹਜ਼ਾਰ ਗੱਟੇ ਦੀ ਸੀ। ਤਲਵੰਡੀ ਸਾਬੋ ਸਹਿਕਾਰੀ ਸਭਾ ਨੇ 9 ਹਜ਼ਾਰ ਗੱਟੇ ਮੰਗੇ ਸਨ ਪਰ ਮਿਲੇ ਕੇਵਲ 1900 ਗੱਟੇ। ਗਹਿਰੀ ਦੇਵੀ ਨਗਰ, ਮਹਿਤਾ ਅਤੇ ਜੱਸੀ ਪੌਂ ਵਾਲੀ ਆਦਿ ਸਹਿਕਾਰੀ ਸਭਾਵਾਂ ਯੂਰੀਆ ਲਈ ਤਰਸ ਰਹੀਆਂ ਹਨ। ਪੰਜਾਬ ਭਰ ’ਚ ਯੂਰੀਆ ਦੀ ਸਪਲਾਈ ਦਾ ਬੁਰਾ ਹਾਲ ਹੈ। ਮਾਰਕਫੈੱਡ ਨੇ ਡੀ. ਏ. ਪੀ. ਦੀ ਸਪਲਾਈ ਵਾਇਆ ਹਰਿਆਣਾ ਕਰ ਦਿੱਤੀ ਹੈ ਪਰ ਯੂਰੀਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ।

ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਮਾਰਕਫੈੱਡ ਦੇ ਅਧਿਕਾਰੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਕਟ ਰੇਲ ਆਵਾਜਾਈ ’ਚ ਪਈ ਰੁਕਾਵਟ ਕਾਰਨ ਪੈਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਦੋ ਕੌਮੀ ਖਾਦ ਕਾਰਖਾਨੇ ਹਨ, ਜਿਨ੍ਹਾਂ ਨੂੰ ਮੰਗ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ 13 ਨਵੰਬਰ ਨੂੰ ਕਿਸਾਨ ਧਿਰਾਂ ਅਤੇ ਕੇਂਦਰ ਵਿਚਕਾਰ ਗੱਲਬਾਤ ’ਤੇ ਨਜ਼ਰਾਂ ਟਿਕੀਆਂ ਹਨ, ਜੇਕਰ ਮੀਟਿੰਗ ਸਫਲ ਹੋ ਜਾਂਦੀ ਹੈ ਤਾਂ ਫੌਰਨ ਸਪਲਾਈ ਸ਼ੁਰੂ ਹੋ ਜਾਵੇਗੀ। ਡੀ. ਏ. ਪੀ. ਖਾਦ ਦੇ ਰੈਕ ਡੱਬਵਾਲੀ ਆਏ ਸਨ ਅਤੇ ਇਹ ਖਾਦ ਸਹਿਕਾਰੀ ਸਭਾਵਾਂ ਨੂੰ ਭੇਜ ਦਿੱਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਖਾਦ ਦੀ ਤੋਟ ਦੇ ਮੱਦੇਨਜ਼ਰ ਹਠ ਤਿਆਗ ਕੇ ਮਾਲਗੱਡੀਆਂ ਚਲਾ ਦੇਣੀਆਂ ਚਾਹੀਦੀਆਂ ਹਨ। ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਤਕ ਖਾਦ ਪਹੁੰਚਾਉਣ ਲਈ ਬਦਲ ਤਲਾਸ਼ ਕਰਨੇ ਚਾਹੀਦੇ ਹਨ। ਖੇਤੀ ਖੇਤਰ ਨੂੰ ਨਜ਼ਰਅੰਦਾਜ਼ ਕਰਨ ਨਾਲ ਸੂਬੇ ’ਚ ਅੰਨ ਸੰਕਟ ਬਣ ਸਕਦਾ ਹੈ, ਜੋ ਚਿੰਤਾ ਵਾਲੀ ਗੱਲ ਹੈ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’


rajwinder kaur

Content Editor

Related News