ਵਿਧਾਨ ਸਭਾ ''ਚ ਈਥਾਨੋਲ ਦੇ ਮੁੱਦੇ ''ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਮੰਗਿਆ ਜਵਾਬ

Tuesday, Aug 04, 2026 - 01:58 PM (IST)

ਵਿਧਾਨ ਸਭਾ ''ਚ ਈਥਾਨੋਲ ਦੇ ਮੁੱਦੇ ''ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਮੰਗਿਆ ਜਵਾਬ

ਚੰਡੀਗੜ੍ਹ/ਜਲੰਧਰ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਵਿਧਾਨ ਸਭਾ 'ਚ ਪੈਟਰੋਲ 'ਚ ਈਥਾਨੋਲ ਮਿਲਾਵਟ ਦੇ ਮੁੱਦੇ 'ਤੇ ਚੱਲ ਰਹੀ ਚਰਚਾ ਦੌਰਾਨ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ (ਬਾਵਾ ਹੈਨਰੀ) ਨੇ ਸਰਕਾਰ ਨੂੰ ਕਈ ਅਹਿਮ ਸਵਾਲਾਂ ਦੇ ਘੇਰੇ 'ਚ ਲਿਆ। ਉਨ੍ਹਾਂ ਕਿਹਾ ਕਿ ਜੇਕਰ ਈਥਾਨੋਲ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ ਤਾਂ ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ 'ਚ ਈਥਾਨੋਲ ਉਤਪਾਦਨ ਲਈ ਕਿੰਨੇ ਲਾਇਸੈਂਸ ਜਾਰੀ ਕੀਤੇ ਗਏ। ਬਾਵਾ ਹੈਨਰੀ ਨੇ ਕਿਹਾ ਕਿ ਸਦਨ 'ਚ ਇਸ ਗੰਭੀਰ ਮੁੱਦੇ 'ਤੇ ਚਰਚਾ ਹੋ ਰਹੀ ਹੈ ਪਰ ਲੋਕਾਂ ਨੂੰ ਪੂਰੀ ਤਸਵੀਰ ਦੱਸਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖ਼ੁਦ ਈਥਾਨੋਲ ਨਾਲ ਜੁੜੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੰਦੀ ਰਹੀ ਹੈ ਤਾਂ ਹੁਣ ਇਸ ਦਾ ਵਿਰੋਧ ਕਰਨ ਦਾ ਆਧਾਰ ਵੀ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕੇਂਦਰ ਸਰਕਾਰ ਦੀ ਈਥਾਨੋਲ ਬਲੈਂਡਿੰਗ ਨੀਤੀ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਜਦੋਂ 2022 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਕੀ ਉਸ ਸਮੇਂ ਕੇਂਦਰ ਸਰਕਾਰ ਨੂੰ ਕੋਈ ਅਜਿਹੀ ਚਿੱਠੀ ਲਿਖੀ ਗਈ ਸੀ, ਜਿਸ 'ਚ ਈਥਾਨੋਲ ਮਿਲਾਵਟ ਦਾ ਵਿਰੋਧ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਨੀਤੀ ਨਾਲ ਸਹਿਮਤ ਨਹੀਂ ਸੀ ਤਾਂ ਇਸ ਬਾਰੇ ਆਪਣੇ ਰੁਖ ਦੇ ਸਬੂਤ ਵੀ ਸਦਨ ਅੱਗੇ ਰੱਖੇ ਜਾਣ। ਬਾਵਾ ਹੈਨਰੀ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਅਤੇ ਡਿਲੀਵਰੀ ਬੁਆਏਜ਼ ਦੀਆਂ ਮੁਸ਼ਕਲਾਂ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਇਆ ਗਿਆ।

ਉਨ੍ਹਾਂ ਦੱਸਿਆ ਕਿ ਜੂਨ 2022 ਵਿੱਚ ਪੈਟਰੋਲ 'ਤੇ 92 ਪੈਸੇ ਅਤੇ ਡੀਜ਼ਲ 'ਤੇ 88 ਪੈਸੇ ਵੈਟ ਵਧਾਇਆ ਗਿਆ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਆਮ ਲੋਕਾਂ ਦੀ ਚਿੰਤਾ ਕਰਦੀ ਹੈ ਤਾਂ ਇਨ੍ਹਾਂ ਟੈਕਸਾਂ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਹੈਨਰੀ ਨੇ ਕਿਹਾ ਕਿ ਹਰ ਕਿਸਮ ਦਾ ਪੈਟਰੋ ਕੈਮੀਕਲ ਈਂਧਣ ਵਾਤਾਵਰਣ ਲਈ ਚੁਣੌਤੀ ਬਣ ਰਿਹਾ ਹੈ। ਉਨ੍ਹਾਂ ਕੈਂਸਰ ਵਰਗੀਆਂ ਬੀਮਾਰੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਠੋਸ ਅਤੇ ਲੰਬੀ ਮਿਆਦ ਵਾਲੀਆਂ ਨੀਤੀਆਂ ਦੀ ਲੋੜ ਹੈ। 


author

Babita

Content Editor

Related News