ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਕਾਲਾ ਤੇ ਬਿੰਦਰ ਪੁਲਸ ਅੜਿੱਕੇ
Sunday, Sep 17, 2017 - 07:33 AM (IST)

ਨਕੋਦਰ, (ਪਾਲੀ, ਰਜਨੀਸ਼)- ਸਿਟੀ ਪੁਲਸ ਨੇ ਨਸ਼ੀਲੀਆਂ ਦਵਾਈਆਂ ਦੇ ਨੈਕਸਿਸ ਨੂੰ ਤੋੜਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ, ਜੋ ਨਕੋਦਰ ਦੇ ਇਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਲੈਂਦੇ ਸਨ। ਪੁਲਸ ਨੇ ਹੈਲਥ ਵਿਭਾਗ ਦੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ 'ਤੇ ਛਾਪੇਮਾਰੀ ਕਰ ਕੇ ਬਿਨਾਂ ਬਿੱਲ ਦੇ 7 ਤਰ੍ਹਾਂ ਦੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ।
ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਿਟੀ ਥਾਣਾ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਨਿਰਮਲ ਸਿੰਘ ਨੇ ਪੁਲਸ ਪਾਰਟੀ ਸਮੇਤ ਸ਼ੰਕਰ ਚੌਕ ਵਿਚ ਕੀਤੀ ਨਾਕਾਬੰਦੀ ਦੌਰਾਨ ਬਿਨਾਂ ਨੰਬਰੀ ਡਿਸਕਵਰ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 755 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਉਰਫ ਕਾਲਾ ਪੁੱਤਰ ਗਿਆਨ ਚੰਦ ਤੇ ਸੁਖਵਿੰਦਰ ਸਿੰਘ ਉਰਫ ਪਿੰਦਰ ਪੁੱਤਰ ਵਜ਼ੀਰ ਚੰਦ ਵਾਸੀ ਪਿੰਡ ਸ਼ਰਕਪੁਰ ਨਕੋਦਰ ਵਜੋਂ ਹੋਈ, ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੁਮਾਰ ਮੈਡੀਕੋਜ਼ ਤੋਂ ਖਰੀਦੀਆਂ ਸਨ ਨਸ਼ੀਲੀਆਂ ਗੋਲੀਆਂ- ਡੀ. ਐੱਸ. ਪੀ. ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ 2 ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਉਕਤ ਵਿਅਕਤੀ ਨਸ਼ੀਲੀਆਂ ਗੋਲੀਆਂ ਨਕੋਦਰ ਹਸਪਤਾਲ ਰੋਡ 'ਤੇ ਸਥਿਤ ਕੁਮਾਰ ਮੈਡੀਕੋਜ਼ ਤੋਂ ਖਰੀਦਦੇ ਸਨ।