ਯੂਨੀਵਰਸਿਟੀ ਤੋਂ ਬਾਹਰ ਕੱਢਣ ’ਤੇ ਵਿਦਿਆਰਥੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ

2/23/2021 10:34:50 PM

ਤਲਵੰਡੀ ਸਾਬੋ, (ਮੁਨੀਸ਼)- ਇਤਿਹਾਸਕ ਨਗਰ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਵਲੋਂ ਕਾਲਜ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਵਿਦਿਆਰਥੀ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਿਦਿਆਰਥੀ ਦੀ ਛਾਲ ਮਾਰਦੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਤਲਵੰਡੀ ਸਾਬੋ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੇਰਲ ਸੂਬੇ ਦੇ ਦੱਸੇ ਜਾ ਰਹੇ ਵਿਦਿਆਰਥੀ ਨੇ ਯੂਨੀਵਰਸਿਟੀ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਪਹਿਲਾਂ ਵਿਦਿਆਰਥੀ ਵਲੋਂ ਲਿਖਿਆ ਇਕ ਨੋਟ ਸਾਹਮਣੇ ਆਇਆ ਹੈ, ਜਿਸ ’ਚ ਉਸਨੇ ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਛੁੱਟੀ ਨਾ ਦੇਣ ਅਤੇ ਉਸਨੂੰ ਇਕ ਸਾਲ ਲਈ ਕਾਲਜ ’ਚੋਂ ਕੱਢ ਦੇਣ ਦੇ ਕਾਰਨ ਪ੍ਰੇਸ਼ਾਨ ਹੋ ਕੇ ਜਾਨ ਦੇਣ ਦੀ ਕੋਸ਼ਿਸ ਵਜੋਂ ਛਾਲ ਮਾਰਨ ਦੀ ਗੱਲ ਲਿਖੀ ਹੈ। ਭਾਂਵੇ ਕਿ ਯੂਨੀਵਰਸਿਟੀ ਦੇ ਪ੍ਰਬੰਧਕ ਇਸ ਮਸਲੇ ’ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਪਰ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਕਿਸੇ ਮਸਲੇ ਦੇ ਚਲਦਿਆਂ ਯੂਨੀਵਰਸਿਟੀ ’ਚੋਂ ਇਕ ਸਾਲ ਲਈ ਕੱਢ ਦਿੱਤਾ ਗਿਆ ਸੀ ਅਤੇ ਉਸਦੇ ਯੂਨੀਵਰਸਿਟੀ ’ਚ ਦਾਖਲੇ ’ਤੇ ਵੀ ਮਨ੍ਹਾਹੀ ਸੀ। ਉਕਤ ਵਿਦਿਆਰਥੀ ਯੂਨੀਵਰਸਿਟੀ ’ਚ ਕਿਵੇਂ ਪੁੱਜ ਗਿਆ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੀੜਤ ਵਿਦਿਆਰਥੀ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਉੱਧਰ ਮਾਮਲੇ ਸਬੰਧੀ ਤਲਵੰਡੀ ਸਾਬੋ ਪੁਲਸ ਵੀ ਸਰਗਰਮ ਹੋ ਗਈ ਹੈ। ਸੰਪਰਕ ਕਰਨ ’ਤੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਤੱਥਾਂ ਦੀ ਪੜਤਾਲ ਉਪਰੰਤ ਹੀ ਕੁਝ ਕਿਹਾ ਜਾ ਸਕੇਗਾ।


Bharat Thapa

Content Editor Bharat Thapa