ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

05/21/2023 6:53:36 PM

ਜਲੰਧਰ (ਇੰਟ.)-ਦੁਨੀਆ ਭਰ ਦੀ 8 ਅਰਬ ਤੋਂ ਜ਼ਿਆਦਾ ਆਬਾਦੀ ਦੀ ਭੁੱਖ ਮਿਟਾਉਣ ਵਾਲੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਸਬੰਧੀ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਸਦੀ ਦੇ ਅਖੀਰ ਵਿਚ ਦੁਨੀਆ ਵਿਚ ਮੌਜੂਦ ਖੇਤਾਂ ਦੀ ਗਿਣਤੀ ਘੱਟ ਕੇ ਅੱਧੇ ਤੋਂ ਵੀ ਘੱਟ ਰਹਿ ਜਾਵੇਗੀ। ਅੰਕੜਿਆਂ ਮੁਤਾਬਕ 2020 ਵਿਚ ਦੁਨੀਆ ਭਰ ਵਿਚ ਖੇਤਾਂ ਦੀ ਕੁਲ ਗਿਣਤੀ 61.6 ਕਰੋੜ ਸੀ। ਅਨੁਮਾਨ ਹੈ ਕਿ ਇਸ ਸਦੀ ਦੇ ਅਖੀਰ ਤੱਕ ਲਗਭਗ 56 ਫ਼ੀਸਦੀ ਦੀ ਗਿਰਾਵਟ ਨਾਲ ਘੱਟ ਕੇ 27.2 ਕਰੋੜ ਰਹਿ ਜਾਵੇਗੀ ਅਤੇ ਇਸ ਨਾਲ ਅਨਾਜ ਸੁਰੱਖਿਆ ਵੀ ਪ੍ਰਭਾਵਿਤ ਹੋਵੇਗੀ। ਯੂਨੀਵਰਸਿਟੀ ਆਫ਼ ਕਾਲੋਰਾਡੋ ਬੋਲਡਰ ਵੱਲੋਂ ਕੀਤਾ ਗਿਆ ਇਹ ਅਧਿਐਨ ਜਰਨਲ ‘ਨੇਚਰ ਸਸਟੇਨੇਬਿਲਿਟੀ’ ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਵਿਚ ਅਜਿਹੀ ਵਿਵਸਥਾ ਨਾਲ ਨਜਿੱਠਣ ਲਈ ਹੁਣ ਤੋਂ ਹੀ ਕਿਸਾਨਾਂ ਦੀ ਸਿੱਖਿਆ ਅਤੇ ਮਦਦ ਲਈ ਕਦਮ ਚੁੱਕਣੇ ਪੈਣਗੇ।

ਖੇਤਾਂ ਦੇ ਘੱਟ ਹੋਣ ਦਾ ਕੀ ਹੈ ਕਾਰਨ?
ਮੰਨਿਆ ਜਾ ਰਿਹਾ ਹੈ ਕਿ ਖੇਤਾਂ ਦੀ ਗਿਣਤੀ ’ਤੇ ਆਧਾਰਿਤ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ। ਇਸ ਅਧਿਐਨ ਮੁਤਾਬਕ ਅਮਰੀਕਾ ਅਤੇ ਯੂਰਪ ਵਿਚ ਹੀ ਨਹੀਂ ਸਗੋਂ ਆਉਣ ਵਾਲੇ ਸਮੇਂ ਵਿਚ ਅਫ਼ਰੀਕਾ ਅਤੇ ਏਸ਼ੀਆ ਦੇ ਪੇਂਡੂ ਖੇਤਰਾਂ ਵਿਚ ਖੇਤਾਂ ਦੀ ਗਿਣਤੀ ਘੱਟ ਹੁੰਦੀ ਜਾਵੇਗੀ। ਇਕ ਮੀਡੀਆ ਰਿਪੋਰਟ ਵਿਚ ਖੋਜਕਾਰਾਂ ਦੇ ਹਵਾਲੇ ਤੋਂ ਕਿਸਾਨਾਂ ਦੀ ਗਿਣਤੀ ਘਟਣ ਅਤੇ ਖੇਤਾਂ ਦਾ ਆਕਾਰ ਦੁੱਗਣਾ ਹੋਣ ਦਾ ਕਾਰਨ ਵੀ ਦੱਸਿਆ ਗਿਆ ਹੈ। ਅਧਿਐਨ ਨਾਲ ਜੁੜੇ ਖੋਜਕਾਰ ਜੀਆ ਮੇਹਰਾਬੀ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਮਜਬੂਤ ਹੋਣ ’ਤੇ ਉਥੋਂ ਦੇ ਗ੍ਰਾਮੀਣ ਖੇਤਰਾਂ ਦੇ ਕਿਸਾਨ ਸ਼ਹਿਰਾਂ ਵੱਲ ਹਿਜ਼ਰਤ ਕਰਨ ਲੱਗਦੇ ਹਨ ਅਤੇ ਆਪਣੇ ਪਿੱਛੇ ਜੋ ਖੇਤ ਛੱਡ ਜਾਂਦੇ ਹਨ, ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਘੱਟ ਹੋ ਜਾਂਦੇ ਹਨ। ਨਤੀਜਾ ਖੇਤਾਂ ਦਾ ਆਪਸ ਵਿਚ ਰਲੇਵਾਂ ਕਰਨ ’ਤੇ ਉਨ੍ਹਾਂ ਦਾ ਆਕਾਰ ਵੀ ਦੁੱਗਣਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

ਗਾਇਬ ਹੋ ਸਕਦੈ ਕਿਸਾਨੀ ਦਾ ਪੁਰਾਣਾ ਗਿਆਨ
ਖੋਜਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਖੇਤਾਂ ਦਾ ਵਧਦੀ ਗਿਣਤੀ ਅਤੇ ਵਧਦਾ ਆਕਾਰ ਅਨਾਜ ਸੁਰੱਖਿਆ ਨੂੰ ਤਾਂ ਪ੍ਰਭਾਵਿਤ ਕਰਨਗੇ ਹੀ, ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸਦੀਆਂ ਤੋਂ ਇਕੱਠੇ ਕੀਤੀ ਆਪਣੀ ਕੇਤੀ ਅਤੇ ਮੌਸਮ ਸਬੰਧੀ ਪੁਰਾਣਾ ਗਿਆਨ ਵੀ ਗਾਇਬ ਹੋ ਜਾਵੇਗਾ। ਜਿਵੇਂ-ਜਿਵੇਂ ਖੇਤਾਂ ਦਾ ਆਕਾਰ ਵਧੇਗਾ, ਕਿਸਾਨੀ ਵਿਚ ਮਸ਼ੀਨਾਂ ਅਤੇ ਤਕਨੀਕਾਂ ਦੀ ਵਰਤੋਂ ਵਧੇਗੀ। ਨਤੀਜਾ ਸਦੀਆਂ ਪੁਰਾਣੇ ਰਵਾਇਤੀ ਗਿਆਨ ਵੀ ਲੋਕਾਂ ਲਈ ਬੇਮਾਨੀ ਹੋ ਜਾਵੇਗਾ।

ਅਮਰੀਕਾ ਵਿਚ ਖੇਤਾਂ ਦੀ ਗਿਣਤੀ ਵਿਚ 2 ਲੱਖ ਦੀ ਗਿਰਾਵਟ
ਅਧਿਐਨ ਮੁਤਾਬਕ ਦਹਾਕਿਆਂ ਤੋਂ ਅਮਰੀਕਾ ਅਤੇ ਪੱਛਮੀ ਯੂਰਪ ਵਿਚ ਖੇਤਾਂ ਦੇ ਆਕਾਰ ਵਿਚ ਵਾਧੇ ਅਤੇ ਗਿਣਤੀ ਵਿਚ ਗਿਰਾਵਟ ਹੋ ਰਹੀ ਹੈ। ਅਮਰੀਕਨ ਐਗਰੀਕਲਚਰ ਡਿਪਾਰਟਮੈਂਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅੰਕੜਿਆਂ ਮੁਤਾਬਕ 2007 ਦੀ ਤੁਲਨਾ ਵਿਚ ਵੇਖੀਏ ਤਾਂ ਅਮਰੀਕਾ ਵਿਚ ਖੇਤਾਂ ਦੀ ਕੁੱਲ ਗਿਣਤੀ ’ਚ 2 ਲੱਖ ਦੀ ਗਿਰਾਵਟ ਆਈ ਹੈ।
ਅਨੁਮਾਨ ਹੈ ਕਿ ਏਸ਼ੀਆ, ਮੱਧ ਪੂਰਬ, ਉੱਤਰੀ ਅਫ਼ਰੀਕਾ, ਓਨੀਸ਼ੀਆ, ਲੈਟਿਨ ਅਮਰੀਕਾ ਅਤੇ ਕੈਰੀਬੀਅਨ ਖੇਤਰਾਂ ਵਿਚ ਖੇਤਾਂ ਦੀ ਗਿਣਤੀ ਵਿਚ ਗਿਰਾਵਟ ਦਾ ਦੌਰ 2050 ਤੱਕ ਸ਼ੁਰੂ ਹੋ ਜਾਏਗਾ। ਉਥੇ ਅਫ਼ਰੀਕਾ ਵਿਚ ਸਭ ਤੋਂ ਦੇਰ ਵਿਚ ਸਦੀ ਦੇ ਅਖੀਰ ਤੱਕ ਇਸ ਦੀ ਸ਼ੁਰੂਆਤ ਹੋਵੇਗੀ। ਖੋਜਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਦੁਨੀਆ ਵਿਚ ਖੇਤਾਂ ਦੀ ਕੁੱਲ ਮਾਤਰਾ ਵਿਚ ਬਦਲਾਅ ਨਹੀਂ ਹੋਵੇਗਾ ਪਰ ਖੇਤਾਂ ’ਤੇ ਘੱਟ ਲੋਕਾਂ ਦਾ ਅਧਿਕਾਰ ਰਹਿ ਜਾਵੇਗਾ।

ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ: ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼

ਕਿੰਨੇ ਵੱਡੇ ਹਨ ਦੁਨੀਆ ਭਰ ਦੇ ਖੇਤ
ਅਨਾਜ ਅਤੇ ਖੇਤੀ ਸੰਗਠਨ (ਐੱਫ਼. ਏ. ਓ.) ਦੇ ਮੁਤਾਬਕ ਦੁਨੀਆ ਵਿਚ ਲਗਭਗ 70 ਫ਼ੀਸਦੀ ਖੇਤ ਆਕਾਰ ਵਿਚ ਇਕ ਹੈਕਟੇਅਰ ਤੋਂ ਵੀ ਛੋਟੇ ਹਨ, ਜਦਕਿ ਇਹ ਕੁੱਲ ਖੇਤੀ ਵਾਲੀ ਜ਼ਮੀਨ ਦਾ ਸਿਰਫ਼ 7 ਫ਼ੀਸਦੀ ਹਿੱਸੇ ’ਤੇ ਹਨ। ਉਥੇ 14 ਫ਼ੀਸਦੀ ਖੇਤਾਂ ਦਾ ਆਕਾਰ ਇਕ ਤੋਂ ਦੋ ਹੈਕਟੇਅਰ ਦਰਮਿਆਨ ਹੈ, ਜੋ ਕੁੱਲ ਖੇਤੀ ਦੀ ਜ਼ਮੀਨ ਦਾ ਸਿਰਫ਼ ਚਾਰ ਫ਼ੀਸਦੀ ਹੀ ਹਨ। ਉਥੇ, 2 ਤੋਂ 5 ਹੈਕਟੇਅਰ ਆਕਾਰ ਦੇ 10 ਫ਼ੀਸਦੀ ਖੇਤ ਹਨ, ਜੋ ਕੁਲ ਖੇਤੀ ਵਾਲੀ ਜ਼ਮੀਨ ਦਾ 6 ਫ਼ੀਸਦੀ ਹਿੱਸਾ ਹੀ ਹਨ। ਉਥੇ 50 ਹੈਕਟੇਅਰ ਤੋਂ ਵੱਡੇ ਖੇਤ ਦੁਨੀਆ ਵੀਚ ਇਕ ਫ਼ੀਸਦੀ ਤੋਂ ਹੀ ਘੱਟ ਹਨ, ਪਰ ਉਹ ਕੁਲ ਖੇਤੀ ਵਾਲੀ ਜ਼ਮੀਨ ਦੇ 70 ਫ਼ੀਸਦੀ ਹਿੱਸੇ ’ਤੇ ਕਾਬਜ ਹਨ। ਉਤੇ ਇਨ੍ਹਾਂ ਵਿਚੋਂ ਕੁਝ ਖੇਤ ਤਾਂ 1,000 ਹੈਕਟੇਅਰ ਤੋਂ ਵੀ ਜ਼ਿਆਦਾ ਵੱਡੇ ਹਨ, ਜੋ ਕੁਲ ਖੇਤੀ ਵਾਲੀ ਜ਼ਮੀਨ ਦੇ ਲਗਭਗ 40 ਫ਼ੀਸਦੀ ਹਿੱਸੇ ’ਤੇ ਹਨ।

ਭਾਰਤ ’ਚ 15.7 ਕਰੋੜ ਹੈਕਟੇਅਰ ਖੇਤੀ ਲਾਇਕ ਜ਼ਮੀਨ ’ਤੇ ਹਨ 14.6 ਕਰੋੜ ਖੇਤ, ਤਾਂ ਕੀ ਘੱਟ ਕੇ ਰਹਿ ਜਾਣਗੇ ਅੱਧੇ!
ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਵਿਚ 15.7 ਕਰੋੜ ਹੈਕਟੇਅਰ ਖੇਤੀ ਲਾਇਕ ਜ਼ਮੀਨ ’ਤੇ 14.6 ਕਰੋੜ ਖੇਤ ਹਨ। ਦੇਸ਼ ਵਿਚ ਕੁੱਲ 86 ਫ਼ੀਸਦੀ ਖੇਤ ਆਕਾਰ ਵਿਚ 2 ਹੈਕਟੇਅਰ ਤੋਂ ਹੀ ਛੋਟੇ ਹਨ ਜੋਕਿ ਕੁਲ ਖੇਤੀ ਲਾਇਕ ਜ਼ਮੀਨ ਦੇ 47 ਫ਼ੀਸਦੀ ਤੋਂ ਹੀ ਘੱਟ ਹਿੱਸੇ ’ਤੇ ਹਨ। ਅਜਿਹੇ ਵਿਚ ਇਹ ਜ਼ਰੂਰੀ ਹੈ ਕਿ ਇਨ੍ਹਾਂ ਛੋਟੇ ਅਤੇ ਹਾਸ਼ੀਏ ਵਾਲੇ ਕਿਸਾਨਾਂ ’ਤੇ ਖਾਸ ਤੌਰ ’ਤੇ ਧਿਆਨ ਦਿੱਤਾ ਜਾਵੇ। ਅਧਿਐਨ ਮੁਤਾਬਕ ਇਨ੍ਹਾਂ ਖੇਤਾਂ ਦੀ ਗਿਣਤੀ ਵੀ ਅੱਧੇ ਤੋਂ ਘੱਟ ਹੋ ਸਕਦੀ ਹੈ ਅਤੇ ਇਨ੍ਹਾਂ ਦਾ ਆਕਾਰ ਵੀ ਦੁਗਣਾ ਹੋ ਸਕਦਾ ਹੈ।
ਹਾਲਾਂਕਿ ਖੋਜਕਾਰ ਮੇਹਰਾਬੀ ਦੇ ਹਵਾਲੇ ਤੋਂ ਡਾਊਨ ਟੂ ਅਰਥ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੇਤਾਂ ਦੇ ਆਕਾਰ ਦੇ ਵੱਡਾ ਹੋਣ ਦੇ ਆਪਣੇ ਫਾਇਦੇ ਵੀ ਹਨ, ਇਸ ਨਾਲ ਕਿਰਤ ਉਤਪਾਦਕਤਾ ਅਤੇ ਆਰਥਿਕ ਵਿਕਾਸ ਵਿਚ ਸੁਧਾਰ ਹੋ ਸਕਦਾ ਹੈ। ਇਸ ਨਾਲ ਲੋਕਾਂ ਦਾ ਨਾ ਸਿਰਫ਼ ਬਿਹਤਰ ਆਰਥਿਕ ਵਿਕਾਸ ਹੋਵੇਗਾ ਸਗੋਂ ਨਾਲ ਹੀ ਕਿਸਾਨਾਂ ਦੀ ਜ਼ਿੰਮੇਵਾਰੀ ਵੀ ਵਧ ਜਾਵੇਗੀ। ਅਧਿਐਨ ਕਹਿੰਦਾ ਹੈ ਕਿ ਸਦੀ ਦੇ ਅਖੀਰ ਤੱਕ ਅੱਧੇ ਕਿਸਾਨਾਂ ’ਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਲੋਕਾਂ ਦੀ ਭੁੱਖ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਆ ਜਾਵੇਗੀ।

ਇਹ ਵੀ ਪੜ੍ਹੋ - ਜਲੰਧਰ ਵਿਖੇ ਵਿਆਹ ਸਮਾਗਮ ਦੌਰਾਨ ਪਿਆ ਭੜਥੂ, ਕੁੜੀ ਵਾਲਿਆਂ ਨੇ ਜੰਮ ਕੇ ਮੈਨੇਜਰ ਦੀ ਕੀਤੀ ਕੁੱਟਮਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News