ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਅਗਸਤ ਤੋਂ ਖੁੱਲ੍ਹਣਗੇ ਕਾਲਜ ਯੂਨੀਵਰਸਿਟੀਆਂ
Wednesday, Jul 21, 2021 - 05:12 PM (IST)
ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਨੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ ਹੀ ਹੋਰ ਸਾਰੇ ਹਾਇਰ ਲਰਨਿੰਗ ਇੰਸਟੀਚਿਊਸ਼ਨਜ਼ ਨੂੰ ਅਗਸਤ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਯੂਨੀਵਰਸਿਟੀ ਅਤੇ ਕਾਲਜਾਂ 'ਚ ਅਗਲਾ ਅਕਾਦਮਿਕ ਸੈਸ਼ਨ ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੇ ਇਹ ਸ਼ਰਤ ਰੱਖੀ ਹੈ ਕਿ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਸਮੇਤ ਵਿਦਿਆਰਥੀਆਂ ਨੂੰ ਵੀ ਘੱਟ ਤੋਂ ਘੱਟ ਦੋ ਹਫ਼ਤੇ ਪਹਿਲਾਂ ਵੈਕਸੀਨ ਲੱਗ ਚੁੱਕੀ ਹੋਵੇ।
ਇਸ ਦੇ ਨਾਲ ਹੀ ਕੋਵਿਡ ਪ੍ਰੋਟੋਕਾਲ ਦਾ ਵੀ ਪੂਰਾ ਪਾਲਣ ਕਰਨਾ ਹੋਵੇਗਾ। ਇਹ ਫ਼ੈਸਲਾ ਮੰਗਲਵਾਰ ਪੰਜਾਬ ਰਾਜਭਵਨ 'ਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ। ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਸਥਿਤੀਆਂ ਨੂੰ ਵੇਖਦਿਆਂ ਇਸ ਫ਼ੈਸਲੇ ਨੂੰ ਰੀਵਿਊ ਵੀ ਕੀਤਾ ਜਾ ਸਕਦਾ ਹੈ।
ਈਵੈਂਟ 'ਚ ਸਪੇਸ ਦੇ ਹਿਸਾਬ ਨਾਲ 50 ਫ਼ੀਸਦੀ ਲੋਕਾਂ ਨੂੰ ਹੀ ਬੁਲਾਉਣ ਦੀ ਮਨਜ਼ੂਰੀ
ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਸਬੰਧਿਤ ਇਲਾਕੇ ਦੇ ਐੱਸ. ਡੀ. ਐੱਮ. ਤੋਂ ਪਹਿਲਾਂ ਇਜਾਜ਼ਤ ਹਾਸਲ ਕਰਨ ਤੋਂ ਬਾਅਦ ਹੀ ਐਗਜ਼ੀਬਿਸ਼ਨ ਅਤੇ ਸ਼ੋਅ ਸਮੇਤ ਹੋਰ ਕਮਰਸ਼ੀਅਲ ਈਵੈਂਟਸ ਆਰਗੇਨਾਈਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕਿਸੇ ਵੀ ਈਵੈਂਟ 'ਚ 200 ਜਾਂ ਮੌਜੂਦਾ ਸਪੇਸ ਤੋਂ 50 ਫ਼ੀਸਦੀ ਤੱਕ ਹੀ ਲੋਕਾਂ ਨੂੰ ਬੁਲਾਇਆ ਜਾ ਸਕੇਗਾ। ਪ੍ਰਸ਼ਾਸਕ ਨੇ ਮੀਟਿੰਗ 'ਚ ਚੰਡੀਗੜ੍ਹ ਪੁਲਸ ਨੂੰ ਇਕ ਵਾਰ ਫਿਰ ਨਿਰਦੇਸ਼ ਦਿੱਤੇ ਕਿ ਸੁਖਨਾ ਲੇਕ ਸਮੇਤ ਹੋਰ ਜਨਤਕ ਥਾਵਾਂ 'ਤੇ ਕੋਵਿਡ ਪ੍ਰੋਟੋਕਾਲ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।