ਯੂਨਾਈਟਿਡ ਅਕਾਲੀ ਦਲ ਵੱਲੋਂ ਰੋਸ ਧਰਨਾ

Tuesday, Aug 15, 2017 - 12:26 AM (IST)

ਕੋਟਕਪੂਰਾ, (ਨਰਿੰਦਰ)- ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਾ ਫੜਨ ਤੇ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਆਦਿ ਦੇ ਰੋਸ ਵਜੋਂ ਅੱਜ ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਹੇਠ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ 'ਚ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਚੌਕ ਦੇ ਇਕ ਪਾਸੇ ਵੱਡਾ ਸ਼ਮਿਆਨਾ ਲਾ ਕੇ ਧਰਨਾਕਾਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। 
ਧਰਨੇ ਦੌਰਾਨ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ ਸਕੱਤਰ ਜਨਰਲ, ਸਤਨਾਮ ਸਿੰਘ ਮਨਾਵਾਂ, ਚਮਕੌਰ ਸਿੰਘ ਭਾਈ ਰੂਪਾ, ਵੱਸਣ ਸਿੰਘ ਜੱਫ਼ਰਵਾਲ, ਪ੍ਰਸ਼ੋਤਮ ਸਿੰਘ ਫ਼ੱਗੂਵਾਲਾ, ਜਸਵਿੰਦਰ ਸਿੰਘ ਘੋਲੀਆ, ਕੁਲਵਿੰਦਰ ਸਿੰਘ ਡੱਗੋ ਰੋਮਾਣਾ ਤੇ ਹਰਿੰਦਰ ਸਿੰਘ ਰੋਡੇ ਬੁਲਾਰਿਆਂ ਨੇ ਕਿਹਾ ਕਿ ਬਰਗਾੜੀ ਵਿਖੇ ਸ਼ਾਂਤਮਈ ਧਰਨਾ ਦਿੰਦੇ ਦੋ ਸਿੰਘਾਂ ਨੂੰ ਪੁਲਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਪਰ ਹਾਲੇ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਕਰਨ ਵਾਲੇ ਦੋਸ਼ੀ ਹਾਲੇ ਤੱਕ ਵੀ ਫੜੇ ਨਹੀਂ ਗਏ ਅਤੇ ਕੋਟਕਪੂਰਾ ਚੌਕ 'ਚ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਪੁਲਸ ਕਰਮੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਕੋਈ ਸਜ਼ਾ ਨਾ ਦੇਣਾ ਇਹ ਸਿੱਧ ਕਰਦਾ ਹੈ ਕਿ ਦੋਸ਼ੀਆਂ ਨੂੰ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਕਰੀਬ 10 ਲੱਖ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਪਰ ਉਨ੍ਹਾਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਿਆ। 
ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਗੋਲੀ ਕਾਂਡ ਅਤੇ ਪਵਿੱਤਰ ਬੀੜ ਚੋਰੀ ਕਰਨ ਵਾਲਿਆਂ ਨੂੰ ਸਰਕਾਰ ਬਣਨ 'ਤੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ ਪਰ ਹਾਲੇ ਤੱਕ ਅਜਿਹਾ ਅਮਲੀ ਰੂਪ 'ਚ ਕੁਝ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਦੀਆਂ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਸ ਮਾਰਚ ਤੇ ਧਰਨੇ ਜਾਰੀ ਰਹਿਣਗੇ। ਇਹ ਧਰਨਾ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ ਤੇ ਇਸ ਦੌਰਾਨ ਆਵਾਜਾਈ 'ਚ ਵੀ ਕੋਈ ਵਿਘਨ ਨਹੀਂ ਪਾਇਆ ਗਿਆ। 
ਅੱਜ ਦੇ ਇਸ ਧਰਨੇ ਨੂੰ ਮੁੱਖ ਰੱਖਦੇ ਹੋਏ ਪੁਲਸ ਵੱਲੋਂ ਡੀ. ਐੱਸ. ਪੀ. ਸੁਖਦੇਵ ਸਿੰਘ ਬਰਾੜ, ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਅਤੇ ਐੱਸ. ਐੱਚ. ਓ. ਥਾਣਾ ਸਿਟੀ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਧਰਨੇ ਵਾਲੀ ਥਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿਚ ਪੁਲਸ ਬਲ ਤਾਇਨਾਤ ਕਰਨ ਤੋਂ ਇਲਾਵਾ ਸ਼ਹਿਰ ਦੇ ਮੁੱਖ ਬੱਤੀਆਂ ਵਾਲੇ ਚੌਕ ਵਿਖੇ ਪੁਲਸ ਦੇ ਉੱਚ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਦੰਗਾ ਵਿਰੋਧੀ ਗੱਡੀ ਤੇ ਫਾਈਰ ਬ੍ਰਿਗੇਡ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। 
ਹਾਜ਼ਰੀਨ
ਇਸ ਮੌਕੇ ਜਤਿੰਦਰ ਸਿੰਘ, ਬਾਬਾ ਬਲਦੇਵ ਸਿੰਘ ਜੋਗੇਵਾਲ, ਫੌਜਾ ਸਿੰਘ ਸੁਭਾਨੇਵਾਲਾ, ਪ੍ਰਦੀਪ ਸਿੰਘ ਚਾਂਦਪੂਰਾ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ (ਖਾਲਸਾ), ਮੇਜਰ ਸਿੰਘ ਮਲੂਕਾ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਨਿਆਮੀਵਾਲਾ, ਰਣਜੀਤ ਸਿੰਘ ਵਾਂਦਰ, ਬਾਬਾ ਬਜਰੰਗੀ ਦਾਸ ਲੰਘੇਆਣਾ, ਦਵਿੰਦਰ ਸਿੰਘ ਹਰੀਏਵਾਲਾ, ਅਨੂਪ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਰੀਏਵਾਲਾ ਸਮੇਤ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਹਾਜ਼ਰ ਸਨ।


Related News