200 ਯੂਨਿਟ ਬਿਜਲੀ ਮੁਆਫ ਵਾਲੀ ਸਹੂਲਤ ਵਾਪਸ ਲੈ ਕੇ ਸੂਬਾ ਸਰਕਾਰ ਨੇ ਕੀਤਾ ਬੀ. ਸੀ. ਵਰਗ ਦੇ ਪਰਿਵਾਰਾਂ ਨਾਲ ਧੋਖਾ : ਰੱਖੜਾ
Tuesday, Jul 18, 2017 - 02:02 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਭੁਪਿੰਦਰ)-ਹਰੇਕ ਪਾਰਟੀ ਚੋਣਾਂ ਵੇਲੇ ਆਪਣੇ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਵਾਅਦੇ ਤਾਂ ਕਰਦੀ ਹੈ ਪਰ ਸੱਤਾ 'ਤੇ ਕਾਬਜ਼ ਹੋ ਜਾਣ ਤੋਂ ਬਾਅਦ ਇਹ ਵਾਅਦੇ ਹਵਾ ਹੋ ਜਾਂਦੇ ਹਨ, ਜਿਸ ਦੀ ਤਾਜ਼ਾ ਮਿਸਾਲ ਸੂਬੇ ਵਿਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਸਹਿਜੇ ਹੀ ਮਿਲਦੀ ਹੈ, ਜਿਸ ਨੇ ਬੀ. ਸੀ. ਪਰਿਵਾਰਾਂ ਨੂੰ ਦਿੱਤੀ ਗਈ 200 ਯੂਨਿਟ ਬਿਜਲੀ ਮੁਆਫ ਦੀ ਸਹੂਲਤ ਵਾਪਸ ਲੈ ਕੇ ਬੀ. ਸੀ. ਵਰਗ ਦੇ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਕਤ ਵਿਚਾਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਨੇ ਬਾਬਾ ਨਾਮਦੇਵ ਭਵਨ ਸ਼ਾਹਕੋਟ ਵਿਖੇ ਭਾਈਚਾਰੇ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣਾ ਤਾਂ ਜੋ ਲੋਕ ਖੁਸ਼ਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਦੇ ਸਬੰਧ ਵਿਚ ਬੀ. ਸੀ. ਵਰਗ ਦੀਆਂ ਭਰਾਤਰੀਆਂ ਜਥੇਬੰਦੀਆਂ ਨਾਲ ਛੇਤੀ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਦੌਰਾਨ ਰੱਖੜਾ ਨੇ ਆਪਣੀ ਕਾਰਜਕਾਰੀ ਕਮੇਟੀ ਦਾ ਵਿਸਥਾਰ ਕਰਦਿਆਂ ਟਾਂਕ ਕਸ਼ੱਤਰੀ ਸਭਾ ਸ਼ਾਹਕੋਟ ਦੇ ਪ੍ਰਧਾਨ ਡਾ. ਨਰੇਸ਼ ਕੁਮਾਰ ਸਾਗੂ ਨੂੰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦਾ ਉਪ ਪ੍ਰਧਾਨ ਬਣਾਏ ਜਾਣ ਦਾ ਨਿਯੁਕਤੀ ਪੱਤਰ ਦਿੱਤਾ। ਇਸ ਸਮੇਂ ਡਾ. ਨਰੇਸ਼ ਸਾਗੂ ਨੇ ਕਿਹਾ ਕਿ ਮੈਂ ਕੌਮੀ ਪ੍ਰਧਾਨ ਦਾ ਬਹੁਤ ਹੀ ਰਿਣੀ ਹਾਂ ਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਵੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਆਪਣੀ ਸਭਾ ਦੇ ਸਹਿਯੋਗ ਨਾਲ ਪੂਰੀ ਕਰਨ ਵਿਚ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡਾਂਗਾ। ਇਸ ਮੌਕੇ ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਨੂੰ ਸਿਰੋਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ।
