ਅਜੀਬ ਟੂਰਨਾਮੈਂਟ, ਜੇਤੂ ਖਿਡਾਰੀਆਂ ਨੂੰ ਇਨਾਮ 'ਚ ਮਿਲੇਗਾ 'ਮੁਰਗਾ ਤੇ ਸ਼ਰਾਬ ਦੀ ਬੋਤਲ' (ਵੀਡੀਓ)

11/26/2019 7:08:40 PM

ਰੋਪੜ (ਸੱਜਣ ਸੈਣੀ)— ਉਂਝ ਤਾਂ ਤੁਸੀਂ ਬੇਹੱਦ ਖੇਡ ਮੁਕਾਬਲੇ ਦੇਖੇ ਹੋਣਗੇ, ਜਿਨ੍ਹਾਂ 'ਚ ਇਨਾਮ ਦੇ ਤੌਰ 'ਤੇ ਕਈ ਮੈਡਲ ਸਣੇ ਨਕਦੀ ਦਿੱਤੀ ਜਾਂਦੀ ਹੈ। ਰੋਪੜ 'ਚ ਇਕ ਅਜਿਹਾ ਅਨੋਖਾ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿੱਥੇ ਜੇਤੂ ਖਿਡਾਰੀਆਂ ਨੂੰ ਇਨਾਮ 'ਚ ਪੈਸਿਆਂ ਸਮੇਤ ਇਕ ਮੁਰਗਾ ਅਤੇ ਸ਼ਰਾਬ ਦੀ ਬੋਤਲ ਦਿੱਤੀ ਜਾਵੇਗੀ। ਰੋਪੜ ਜ਼ਿਲੇ 'ਚ ਇਨੀਂ ਦਿਨੀਂ ਅਜੀਬੋ-ਗਰੀਬ ਪੋਸਟਰ ਲੱਗੇ ਹੋਏ ਹਨ। ਜਿਸ 'ਚ ਲਿਖਿਆ ਗਿਆ ਹੈ ਕਿ 28 ਨਵੰਬਰ ਨੂੰ ਬੇਟ ਵੈੱਲਫੇਅਰ ਖੇਤਰ ਦੇ ਪਿੰਡ ਕਾਹਨਪੁਰ 'ਚ ਬਾਬਾ ਹਸਨ ਸ਼ਾਹ ਵੈੱਲਫੇਅਰ ਕਲੱਬ 21ਵਾਂ ਟੂਰਨਾਮੈਂਟ ਕਰਵਾ ਰਿਹਾ ਹੈ।

PunjabKesari

50 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਖੇਡ ਮੁਕਾਬਲੇ 'ਚ ਹਿੱਸਾ ਲੈ ਸਕਦੇ ਹਨ। ਇਸ ਦੇ ਨਾਲ ਹੀ ਆਧਾਰ ਕਾਰਡ ਵੀ ਜ਼ਰੂਰੀ ਰੱਖਿਆ ਗਿਆ ਹੈ। ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਸਮੇਤ ਮੁਰਗਾ ਫੜਨ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਲਿਖਿਆ ਹੈ ਕਿ ਜੋ ਸਭ ਤੋਂ ਘੱਟ ਸਮੇਂ 'ਚ ਮੁਰਗਾ ਫੜੇਗਾ, ਉਸ ਨੂੰ ਸ਼ਰਾਬ ਦੀ ਬੋਤਲ, 1100 ਰੁਪਏ ਅਤੇ ਜਿਸ ਮੁਰਗਾ ਨੂੰ ਫੜਨਗੇ ਉਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹਨ। ਮੁਕਾਬਲੇ 'ਚ ਹਿੱਸਾ ਲੈਣ ਲਈ ਐਂਟਰੀ ਫੀਸ 100 ਰੁਪਇਆ ਫੀਸ ਰੱਖੀ ਜਾ ਰਹੀ ਹੈ। 

PunjabKesari

ਇਸ ਸਬੰਧੀ ਜਦੋਂ ਕਾਹਨਪੁਰ ਦੇ ਸਰਪੰਚ ਨਾਲ ਫੋਨ ਜ਼ਰੀਏ ਗੱਲਬਾਤ ਦੌਰਾਨ ਇਨਾਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਰਗਾ ਫੜਾਈ ਮੁਕਾਬਲੇ 'ਚ ਇਨਾਮ ਦੇ ਤੌਰ 'ਤੇ ਵਧੀਆ ਦਾਰੂ ਦੀ ਬੋਤਲ ਅਤੇ 1100 ਰੁਪਏ ਸਮੇਤ ਮੁਰਗਾ ਵੀ ਦਿੱਤਾ ਜਾਵੇਗਾ। ਫਿਰ ਬਾਅਦ 'ਚ ਉਹ ਟਾਲ-ਮਟੋਲ ਕਰਦੇ ਹੋਏ ਨਜ਼ਰ ਆਏ। ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਪੋਸਟਰ 'ਚ ਇਹ ਤਾਂ ਨਹੀਂ ਲਿਖਿਆ ਕਿ ਕਿਹੜੀ ਬੋਤਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੋਤਲ ਤਾਂ ਕੋਈ ਵੀ ਹੋ ਸਕਦੀ ਹੈ ਅਤੇ ਕੀ ਪਤਾ ਅਸੀਂ ਪੈਪਸੀ ਦੀ ਬੋਤਲ ਵੀ ਦੇਣੀ ਹੋਵੇ। ਫਿਰ ਬਾਅਦ 'ਚ ਸ਼ਰੇਆਮ ਇਹ ਕਿਹਾ ਕਿ ਬੋਤਲ ਦੇ ਕੇ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਨਾ ਹੈ। ਬਾਹਰ ਸ਼ਰਾਬ ਦੇ ਠੇਕੇ ਬੜੇ ਚੱਲਦੇ ਹਨ। 

ਦੱਸ ਦੇਈਏ ਕਿ ਇਕ ਪਾਸੇ ਸਰਕਾਰ ਸੂਬੇ 'ਚੋਂ ਨਸ਼ਾ ਖਤਮ ਕਰਨ ਲਈ ਜ਼ੋਰ ਲਗਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਨਸ਼ੇ ਨੂੰ ਵਾਧਾ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਸੂਬੇ ਦੀ ਨੌਜਵਾਨ ਪੀੜ੍ਹੀ 'ਤੇ ਗਲਤ ਸੰਦੇਸ਼ ਜਾ ਸਕਦਾ ਹੈ।

 


shivani attri

Content Editor

Related News