ਕੇਂਦਰੀ ਮੰਤਰੀ ਮੇਘਵਾਲ ਵੱਲੋਂ ਚੰਡੀਗੜ੍ਹ ''ਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਦਫ਼ਤਰ ਦਾ ਨਿਰੀਖਣ
Friday, Jun 17, 2022 - 08:16 PM (IST)
ਚੰਡੀਗੜ੍ਹ (ਬਿਊਰੋ) : ਕੇਂਦਰੀ ਸੱਭਿਆਚਾਰਕ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਭਾਰਤੀ ਪੁਰਾਤੱਤਵ ਸਰਵੇਖਣ ਚੰਡੀਗੜ੍ਹ ਡਵੀਜ਼ਨ ਦੇ ਚੰਡੀਗੜ੍ਹ ਦਫ਼ਤਰ ਦਾ ਨਿਰੀਖਣ ਕੀਤਾ। ਮੇਘਵਾਲ ਨੇ ਦਫ਼ਤਰ ਦੇ ਕਾਨਫਰੰਸ ਰੂਮ 'ਚ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਚੰਡੀਗੜ੍ਹ ਡਵੀਜ਼ਨ ਨੇ ਡਿਜੀਟਲ ਪਲੇਟਫਾਰਮ ਰਾਹੀਂ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਗਤੀਸ਼ੀਲ ਕੰਮਾਂ ਨੂੰ ਦਿਖਾਇਆ ਅਤੇ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਸੜਕ 'ਤੇ ਗਲਤ ਤਰੀਕੇ ਨਾਲ ਖੜ੍ਹੀ ਕੀਤੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ 500 ਰੁਪਏ ਦਾ ਇਨਾਮ : ਗਡਕਰੀ
ਇਸ ਮੀਟਿੰਗ 'ਚ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਚੰਡੀਗੜ੍ਹ ਡਵੀਜ਼ਨ ਆਪਣੇ ਅਧੀਨ ਆਉਂਦੇ ਪ੍ਰਮੁੱਖ ਸਮਾਰਕਾਂ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਵੱਧ ਤੋਂ ਵੱਧ ਜਨਤਕ ਸਹੂਲਤਾਂ ਮੁਹੱਈਆ ਕਰਵਾਏ ਤਾਂ ਜੋ ਵਿਸ਼ਵ ਪੱਧਰ ’ਤੇ ਸੈਲਾਨੀਆਂ ਨੂੰ ਸਾਰੇ ਪ੍ਰਮੁੱਖ ਸਮਾਰਕਾਂ ਜਿਵੇਂ ਸਰਸਵਤੀ ਦਾ ਮੂਲ ਬਿੰਦੂ-ਆਦਿਬਦਰੀ, ਨੂਰਮਹਿਲ ਸਰਾਂ-ਨਕੋਦਰ, ਪ੍ਰਾਚੀਨ ਸ਼ਿਵ ਮੰਦਰ-ਕਲਾਇਤ, ਸੱਭਿਆਚਾਰਕ ਵਿਸ਼ਵ ਵਿਰਾਸਤੀ ਸਥਾਨ ਆਦਿ ਤੋਂ ਚੰਗੀ ਤਰ੍ਹਾਂ ਜਾਣੂ ਹੋਵੋ ਅਤੇ ਦੇਸ਼-ਵਿਦੇਸ਼ ਤੋਂ ਵੱਧ ਤੋਂ ਵੱਧ ਸੈਲਾਨੀ ਇਨ੍ਹਾਂ ਸਮਾਰਕਾਂ ਨੂੰ ਦੇਖਣ ਲਈ ਆਉਣ।
ਇਹ ਵੀ ਪੜ੍ਹੋ : 'ਅਗਨੀਪਥ' ਨੂੰ ਲੈ ਕੇ ਵਧਿਆ ਰੋਸ, ਯੋਜਨਾ 'ਤੇ ਤੁਰੰਤ ਸਪੱਸ਼ਟਤਾ ਦੀ ਲੋੜ
ਅੰਤ 'ਚ ਉਨ੍ਹਾਂ ਵਿਭਾਗ ਵਿੱਚ ਕੀਤੇ ਜਾ ਰਹੇ ਹਰ ਤਰ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਚੰਡੀਗੜ੍ਹ ਡਵੀਜ਼ਨ ਵੱਲੋਂ ਕੀਤੇ ਜਾ ਰਹੇ ਸਾਰੇ ਕੰਮਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਸ਼ੰਸਾ ਕੀਤੀ। ਇਸ ਮੌਕੇ ਦਫ਼ਤਰ ਮੁਖੀ ਸ਼੍ਰੀਮਤੀ ਕੇ.ਏ. ਕਬੂਈ, ਸੁਪਰਡੈਂਟ ਪੁਰਾਤੱਤਵ ਵਿਗਿਆਨੀ, ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।