ਐੱਸ. ਜੀ. ਪੀ. ਸੀ. ਲੰਗਰ ਦੀ ਰਸਦ ਨੂੰ ਮਿਲੇ ਜੀ. ਐੱਸ. ਟੀ. ਤੋਂ ਛੋਟ : ਹਰਸਿਮਰਤ
Sunday, Jul 02, 2017 - 01:38 PM (IST)

ਚੰਡੀਗੜ੍ਹ (ਭੁੱਲਰ)-ਕੇਂਦਰੀ ਮੰਤਰੀ ਤੇ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸਿੱਖਾਂ ਦੇ ਹੋਰ ਤਖ਼ਤਾਂ 'ਤੇ ਸ਼ਰਧਾਲੂਆਂ ਦੇ ਲੰਗਰ ਲਈ ਵਰਤੀ ਜਾਂਦੀ ਰਸਦ ਤੇ ਹੋਰ ਚੀਜਾਂ ਨੂੰ ਜੀ. ਐੱਸ. ਟੀ. ਤੋਂ ਛੋਟ ਮਿਲਣੀ ਚਾਹੀਦੀ ਹੈ।
ਉਨ੍ਹਾਂ ਅੱਜ ਇਥੇ ਜਾਰੀ ਬਿਆਨ 'ਚ ਕੇਂਦਰੀ ਮੰਤਰੀ ਅਰੁਣ ਜੇਤਲੀ ਤੋਂ ਵਿਸ਼ੇਸ਼ ਮੰਗ ਕਰਦਿਆਂ ਬੇਨਤੀ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਲੰਗਰਾਂ ਦੀ ਰਸਦ ਨੂੰ ਇਸ ਤੋਂ ਛੋਟ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਲੰਗਰ ਦੀ ਰਸਦ, ਜਿਸ 'ਚ ਘਿਓ, ਖੰਡ ਤੇ ਦਾਲਾਂ ਆਦਿ ਸ਼ਾਮਲ ਹਨ, 75 ਕਰੋੜ ਰੁਪਏ 'ਚ ਖਰੀਦਦੀ ਹੈ। ਹੁਣ ਜੀ. ਐੱਸ. ਟੀ. ਲਾਗੂ ਹੋਣ ਨਾਲ ਐੱਸ. ਜੀ. ਪੀ. ਸੀ. 'ਤੇ 10 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸਿੱਖ ਗੁਰੂਆਂ ਦੇ ਸਿਧਾਂਤਾਂ 'ਤੇ ਚਲਦਿਆਂ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਲਈ ਮੁਫ਼ਤ ਲੰਗਰ ਲਾਏ ਜਾਂਦੇ ਹਨ ਤੇ ਹੁਣ ਤੋਂ ਇਨ੍ਹਾਂ ਲੰਗਰਾਂ 'ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਸਥਾਨਾਂ 'ਤੇ ਅਤਿ-ਆਧੁਨਿਕ ਕਿਚਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸ. ਜੀ. ਪੀ. ਸੀ. ਪ੍ਰਧਾਨ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਮੰਗ ਕਰ ਚੁੱਕੇ ਹਨ, ਜੋ ਕਿ ਪੂਰੀ ਤਰ੍ਹਾਂ ਵਾਜਿਬ ਹੈ।