ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼

04/30/2023 1:00:50 PM

ਜਲੰਧਰ (ਅਨਿਲ ਪਾਹਵਾ)–ਕੇਂਦਰੀ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਜਦੋਂ ਤਕ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ, ਉਸ ਵੇਲੇ ਤਕ ਬਾਹਰਲੇ ਲੋਕ ਉਦਯੋਗ ਲਾਉਣ ਲਈ ਅੱਗੇ ਨਹੀਂ ਆਉਣਗੇ। ਪੰਜਾਬ ਲਗਾਤਾਰ ਪੱਛੜ ਰਿਹਾ ਹੈ, ਜਿਸ ਦੇ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਕੇਂਦਰੀ ਮੰਤਰੀ ਨੇ ਪੰਜਾਬ ਅਤੇ ਕੇਂਦਰ ਦੇ ਸਬੰਧਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿਚ ਭਾਜਪਾ ਦੇ ਹੋ ਰਹੇ ਸਵਾਗਤ ਤਕ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼–

• ਬੇਰੋਜ਼ਗਾਰੀ ਨੂੰ ਕਿਵੇਂ ਖ਼ਤਮ ਕਰੇਗੀ ਕੇਂਦਰ ਸਰਕਾਰ?
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਦੁਨੀਆ ਇਸ ਨੂੰ ਹੁਣ ਵੱਖਰੇ ਨਜ਼ਰੀਏ ਨਾਲ ਵੇਖ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਆਫਤ ਵੇਲੇ ਹੁਣ ਲੋਕ ਭਾਰਤ ਨੂੰ ਯਾਦ ਕਰਦੇ ਹਨ ਅਤੇ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨ ਹੋ ਸਕਿਆ ਹੈ। ਵਿਦੇਸ਼ੀ ਨਿਵੇਸ਼ ਵਧ ਰਿਹਾ ਹੈ ਅਤੇ ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋ ਰਹੀ ਹੈ। ਦੇਸ਼ ਵਿਚ ਬੇਰੋਜ਼ਗਾਰੀ ਨੂੰ ਲੈ ਕੇ ਕੇਂਦਰ ਸਰਕਾਰ ਆਪਣੇ ਵੱਲੋਂ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਨਵੇਂ ਸਟਾਰਟਅੱਪ ਸ਼ੁਰੂ ਕੀਤੇ ਜਾ ਰਹੇ ਹਨ। ਦੇਸ਼ ਦੇ 668 ਜ਼ਿਲਿਆਂ ਵਿਚ ਸਟਾਰਟਅੱਪ ਸ਼ੁਰੂ ਹੋਏ ਹਨ, ਜਿਸ ਕਾਰਨ ਅਣਗਿਣਤ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਭਾਰਤ 2047 ਤਕ ਸ਼ਕਤੀਸ਼ਾਲੀ ਦੇਸ਼ ਦੇ ਰੂਪ ’ਚ ਉਭਰੇਗਾ ਅਤੇ ਇੱਥੋਂ ਬੇਰੋਜ਼ਗਾਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ :ਜਲੰਧਰ: ਸ਼ਾਪਿੰਗ ਮਾਲ ’ਚ ਖੁੱਲ੍ਹੇ ਸਪਾ ਸੈਂਟਰ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਜਿਸਮਫਰੋਸ਼ੀ ਦਾ ਧੰਦਾ

• ਪੰਜਾਬ ਸਬੰਧੀ ਕੇਂਦਰ ਦਾ ਕੀ ਪਲਾਨ ਹੈ?
ਕੇਂਦਰ ਵੱਲੋਂ ਪੰਜਾਬ ਨਾਲ ਤਾਲਮੇਲ ਦੀ ਕਮੀ ਨਹੀਂ ਰੱਖੀ ਗਈ। ਸਾਰੇ ਸੂਬਿਆਂ ਨਾਲ ਇਕੋ ਤਰ੍ਹਾਂ ਦਾ ਵਤੀਰਾ ਹੋ ਰਿਹਾ ਹੈ। ਇੱਥੇ ਸਟਾਰਟਅੱਪ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਚੋਂ ਕਈ ਪੰਜਾਬ ’ਚ ਵੀ ਲੱਗੇ ਹਨ, ਜਿਨ੍ਹਾਂ ਲਈ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ। ਪੰਜਾਬ ’ਚ ਜਿੱਥੋਂ ਤਕ ਉਦਯੋਗਿਕ ਵਿਕਾਸ ਦੀ ਗੱਲ ਹੈ ਤਾਂ ਜਦੋਂ ਤਕ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਨਹੀਂ ਹੁੰਦੀ, ਨਿਵੇਸ਼ਕਾਂ ਨੂੰ ਲਿਆਉਣਾ ਬੇਹੱਦ ਮੁਸ਼ਕਲ ਹੋਵੇਗਾ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਅੰਬਾਨੀ ਅਤੇ ਅਡਾਨੀ ਦੇ ਗੋਦਾਮਾਂ ਦੇ ਬਾਹਰ ਧਰਨੇ ਲੱਗੇ ਰਹੇ, ਜਿਸ ਕਾਰਨ ਨਿਵੇਸ਼ਕ ਪੰਜਾਬ ’ਚ ਕੋਈ ਵੀ ਇੰਡਸਟ੍ਰੀ ਲਾਉਣ ਤੋਂ ਕਤਰਾਉਂਦੇ ਰਹੇ। ਹੁਣ ਪਿਛਲੇ ਲਗਭਗ ਇਕ ਸਾਲ ਤੋਂ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਹੋ ਗਈ ਹੈ ਤਾਂ ਅਜਿਹੀ ਸਥਿਤੀ ’ਚ ਕੌਣ ਆ ਕੇ ਪੰਜਾਬ ’ਚ ਨਿਵੇਸ਼ ਕਰੇਗਾ?

• ਪੰਜਾਬ ਦੀ ਸਥਿਤੀ ਕੌਣ ਸੁਧਾਰੇਗਾ?
ਪੰਜਾਬ ’ਚ ਮਾਹੌਲ ਨੂੰ ਬਿਹਤਰ ਬਣਾਉਣਾ ਸਰਕਾਰ ਦੇ ਹੱਥਾਂ ’ਚ ਹੈ। ਇੱਥੋਂ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿ ‘ਆਪ’ ਦੀ ਕਹਿਣੀ ਤੇ ਕਰਨੀ ’ਚ ਬਹੁਤ ਫਰਕ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਯੋਗੀ ਵਰਗੇ ਮੁੱਖ ਮੰਤਰੀ ਦੀ ਡਿਮਾਂਡ ਇਸ ਵੇਲੇ ਸਿਖਰ ’ਤੇ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਯੋਗੀ ਹੁੰਦੇ ਤਾਂ ਉਨ੍ਹਾਂ ਦੇ ਬੇਟੇ ਦੀ ਜਾਨ ਨਾ ਜਾਂਦੀ। ਹੁਣ ਇਸ ਤੋਂ ਬਾਅਦ ਪਿੰਡਾਂ ਵਿਚ ਵੀ ਲੋਕ ਪੰਜਾਬ ਵਿਚ ਯੋਗੀ ਵਰਗੇ ਮੁੱਖ ਮੰਤਰੀ ਦੀ ਡਿਮਾਂਡ ਕਰਨ ਲੱਗੇ ਹਨ ਕਿਉਂਕਿ ਲੋਕ ਪੰਜਾਬ ਦੇ ਮੌਜੂਦਾ ਮਾਹੌਲ ਤੋਂ ਪ੍ਰੇਸ਼ਾਨ ਹੋ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨ

• ਕੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਦੇ ਪਿੰਡਾਂ ’ਚ ਭਾਜਪਾ ਨੂੰ ਕੋਈ ਦਿੱਕਤ ਨਹੀਂ?
ਪੰਜਾਬ ਦੇ ਪਿੰਡਾਂ ਬਾਰੇ ਭਾਜਪਾ ਸੋਚਦੀ ਸੀ ਕਿ ਉਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜਦੀ ਰਹੀ ਹੈ। ਸੂਬੇ ਦੀ ਅਮਨ-ਸ਼ਾਂਤੀ ਲਈ ਭਾਜਪਾ ਨੇ 117 ਵਿਚੋਂ 23 ਸੀਟਾਂ ’ਤੇ ਹੀ ਸਬਰ ਕੀਤਾ ਪਰ ਹੁਣ ਜਦੋਂ ਅਸੀਂ ਜਲੰਧਰ ਲੋਕ ਸਭਾ ਦੀ ਉਪ-ਚੋਣ ਨੂੰ ਲੈ ਕੇ ਪਿੰਡਾਂ ਵਿਚ ਜਾ ਰਹੇ ਹਾਂ ਤਾਂ ਲੋਕ ਭਰਪੂਰ ਸਵਾਗਤ ਕਰ ਰਹੇ ਹਨ ਜਿਸ ਤਰ੍ਹਾਂ ਦਾ ਅਸੀਂ ਸੋਚਿਆ ਵੀ ਨਹੀਂ ਸੀ।

• ਪੰਜਾਬ ਦੀ ਵੱਡੀ ਸਮੱਸਿਆ ਕੀ ਹੈ?
ਸੂਬੇ ’ਚ ਲਾਅ ਐਂਡ ਆਰਡਰ ਤੋਂ ਬਾਅਦ ਡਰੱਗਜ਼ ਸਭ ਤੋਂ ਵੱਡੀ ਸਮੱਸਿਆ ਹੈ। ਇੱਥੇ ਡਰੱਗਜ਼ ’ਤੇ ਬੜੀ ਦੇਰ ਤੋਂ ਚਰਚਾ ਚੱਲ ਰਹੀ ਹੈ ਪਰ ਅੱਜ ਤਾਂ ਮਾਹੌਲ ਇਹ ਹੋ ਗਿਆ ਹੈ ਕਿ ਘਰ-ਘਰ ’ਚ ਨਸ਼ਾ ਪਹੁੰਚ ਗਿਆ ਹੈ। ਸੂਬੇ ਦੇ ਨੌਜਵਾਨ ਮਰ ਰਹੇ ਹਨ। ਅਜਿਹੀ ਹਾਲਤ ’ਚ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਹੈ? ਡਰੱਗਜ਼ ਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ਦੇ ਹੱਲ ਲਈ ਦਮਦਾਰ ਸਰਕਾਰ ਦੀ ਲੋੜ ਹੈ। ‘ਆਪ’ ਦੀ ਸਰਕਾਰ ਕੋਲੋਂ ਇਹ ਸਭ ਕਿਉਂ ਨਹੀਂ ਹੋ ਰਿਹਾ, ਕੁਝ ਤਾਂ ਕਾਰਨ ਹੋਵੇਗਾ ਨਹੀਂ ਤਾਂ ਪੰਜਾਬ ਦੀ ਹਾਲਤ ਅਜਿਹੀ ਨਾ ਹੁੰਦੀ।

• ਕੀ ਅਕਾਲੀ ਦਲ ਨਾਲ ਮੁੜ ਗਠਜੋੜ ਹੋਵੇਗਾ?
ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਸਬੰਧੀ ਫੈਸਲਾ ਸੰਸਦੀ ਬੋਰਡ ਦੇ ਹੱਥਾਂ ’ਚ ਹੈ ਪਰ ਅਜੇ ਤਕ ਇਹ ਸਭ ਅਫ਼ਵਾਹ ਹੈ ਜੋ ਸ਼ਾਇਦ ਇਸ ਲਈ ਫੈਲਾਈ ਜਾ ਰਹੀ ਹੈ ਕਿ ਕੁਝ ਲੋਕ ਇਸ ਮਾਮਲੇ ’ਚ ਲੋਕਾਂ ਦੀ ਭਾਵਨਾ ਜਾਣਨੀ ਚਾਹੁੰਦੇ ਹਨ। ਉਂਝ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਛੱਡਿਆ, ਉਹੀ ਸਾਨੂੰ ਛੱਡ ਕੇ ਗਏ ਸਨ। ਸਾਡਾ ਗਠਜੋੜ ਕਾਫ਼ੀ ਲੰਮਾ ਚੱਲਿਆ ਅਤੇ ਇਸ ਨੂੰ ਬਣਾਈ ਰੱਖਣ ਲਈ ਭਾਜਪਾ ਨੇ ਆਪਣੇ ਪੱਧਰ ’ਤੇ ਕਈ ਚੀਜ਼ਾਂ ਨੂੰ ਬੇਧਿਆਨ ਵੀ ਕੀਤਾ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰੀਆਂ 'ਤੇ ਨਕੇਲ ਕੱਸਣ ਲਈ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News