ਭਾਜਪਾ ਆਗੂ ਦੀ ਗੱਡੀ ’ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ, ਮਾਮਲਾ ਦਰਜ
Sunday, Dec 11, 2022 - 10:37 PM (IST)
 
            
            ਫਰੀਦਕੋਟ (ਰਾਜਨ) : ਅੰਮ੍ਰਿਤਸਰ ਤੋਂ ਫਰੀਦਕੋਟ ਵਾਪਸ ਆਉਂਦੇ ਸਮੇਂ ਇਲਾਕੇ ਦੇ ਭਾਜਪਾ ਆਗੂ ਕੁਲਦੀਪ ਭੰਗੇਵਾਲਾ ’ਤੇ 5 ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਸਦਰ ਫਰੀਦਕੋਟ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਵਿਖੇ ਮਾਮਲਾ ਦਰਜ ਕਰਵਾਉਣ ਆਏ ਭਾਜਪਾ ਆਗੂ ਭੰਗੇਵਾਲਾ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਨਵੀਂ ਕਾਰ ਖਰੀਦੀ ਸੀ ਅਤੇ ਉਹ ਆਪਣੀ ਕਾਰ ’ਚ ਮੱਥਾ ਟੇਕਣ ਲਈ ਅੰਮ੍ਰਿਤਸਰ ਗਏ ਸਨ। ਜਦੋਂ ਉਹ ਉਸੇ ਗੱਡੀ ’ਚ ਵਾਪਸ ਆ ਰਹੇ ਸਨ ਤਾਂ ਫਰੀਦਕੋਟ ਤੋਂ ਬਾਹਰ ਨਿਕਲਦੇ ਹੀ ਰਾਤ 10 ਵਜੇ ਦੇ ਕਰੀਬ ਸਾਦਿਕ ਰੋਡ ’ਤੇ ਪਹਿਲਾਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ 3 ਹੋਰ ਮੋਟਰਸਾਈਕਲ ਸਵਾਰਾਂ ਨੇ ਕਾਰ ਦੇ ਅੱਗੇ ਖੜ੍ਹੇ ਹੋ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਗੱਡੀ ਦਾ ਸ਼ੀਸ਼ਾ ਵੀ ਕ੍ਰੈਕ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)
ਭੰਗੇਵਾਲਾ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਿਹੱਥੇ ਸਨ ਕਿਉਂਕਿ ਉਸ ਦਾ ਲਾਇਸੈਂਸੀ ਰਿਵਾਲਵਰ ਵੀ ਘਰ ’ਚ ਹੀ ਰਹਿ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਇਸ ਸਬੰਧੀ ਭਾਜਪਾ ਹਾਈਕਮਾਂਡ ਅਤੇ ਡੀ.ਜੀ.ਪੀ. ਪੰਜਾਬ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ 5 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            