ਕੈਪਟਨ ਦੇ ਦੌਰੇ 'ਤੋਂ ਪਹਿਲਾਂ ਜਲੰਧਰ 'ਚ ਵੱਡੀ ਵਾਰਦਾਤ, ਬੰਦੂਕ ਦੀ ਨੌਕ 'ਤੇ ਲੁੱਟੀ ਕਾਰ
Thursday, Oct 26, 2017 - 11:28 AM (IST)
ਜਲੰਧਰ (ਸੋਨੂੰ) — ਜਲੰਧਰ ਦੇ ਕੂਲ ਰੋਡ 'ਤੇ ਸਵੇਰੇ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਨਾਮਕ ਲੜਕਾ ਆਪਣੀ ਸੀਆਜ਼ ਕਾਰ 'ਚ ਆਪਣੀ ਦਾਦੀ ਨੂੰ ਸਤਿਸੰਗ ਘਰ ਛੱਡ ਕੇ ਵਾਪਸ ਆ ਰਿਹਾ ਸੀ, ਇਸੇ ਦੌਰਾਨ 5 ਅਣਪਛਾਤੇ ਵਿਅਕਤੀਆਂ ਜੋ ਕਿ ਸਵਿਫਟ ਕਾਰ 'ਚ ਸਨ, ਨੇ ਪਹਿਲਾਂ ਤਾਂ ਕਾਰ ਅੱਗੇ ਕਾਰ ਲਗਾ ਕੇ ਉਸ ਨੂੰ ਰੋਕਿਆ ਤੇ ਬਾਅਦ 'ਚ ਰੋਡ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਿਮਰਨਜੀਤ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਬੰਦੂਕ ਦੀ ਨੋਕ 'ਤੇ ਕਾਰ ਲੈ ਕੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁਹੰਚੇ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਡੀ. ਸੀ.ਪੀ. ਰਜਿੰਦਰ ਸਿੰਘ, ਏ. ਡੀ. ਸੀ.ਪੀ. ਸੁਧਰਵਿਜੀ, ਏ. ਡੀ. ਸੀ. ਪੀ. ਸੀ. ਆਈ. ਏ. ਸਟਾਫ ਮਨਦੀਪ ਸਿੰਘ, ਏ.ਸੀ.ਪੀ ਸਮੀਰ ਵਰਮਾ, ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਭੱਲਾ, ਐੱਸ.ਐੱਚ.ਓ ਪ੍ਰੇਮ ਕੁਮਾਰ, ਐੱਸ.ਐੱਚ.ਓ ਓਂਕਾਰ ਸਿੰਘ ਬਰਾੜ ਪੁਲਸ ਪਾਰਟੀ ਨਾਲ ਪੁੱਜੇ ਜਿਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜ਼ਾਇਜ਼ਾ ਲਿਆ ਅਤੇ ਨਾਲ ਹੀ ਜਲੰਧਰ ਸ਼ਹਿਰ ਦੇ ਵੱਖ ਵੱਖ ਥਾਂਵਾ ਤੇ ਨਾਕੇਬੰਦੀ ਕਰ ਦਿੱਤੀ।
