ਵਟਸਐਪ 'ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਹੁਣ ਘਰ 'ਤੇ ਹੋਈ ਫਾਇਰਿੰਗ ਨੇ ਪਰਿਵਾਰ ਦੇ ਸਾਹ ਸੂਤੇ

05/05/2021 11:50:14 AM

ਭਵਾਨੀਗੜ੍ਹ  (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਨਗਾਰਾ ਵਿਖੇ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਅਣਪਛਾਤੇ ਪਿੰਡ ਦੇ ਇਕ ਵਿਅਕਤੀ ਦੇ ਘਰ ਉਪਰ ਫਾਇਰਿੰਗ ਕਰਨ ਤੋਂ ਬਾਅਦ ਫ਼ਰਾਰ ਹੋ ਗਏ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਅਮਰ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਪਿੰਡ ਨਾਗਰਾ ਨੇ ਦੱਸਿਆ ਕਿ ਉਹ ਪਿੰਡ ’ਚ ਮੈਡੀਕਲ ਸਟੋਰ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਰਾਤ ਦੇ ਕਰੀਬ 9:30 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ’ਤੇ ਫਾਇਰਿੰਗ ਕੀਤੀ। ਜਿਸ ਦੌਰਾਨ ਇਕ ਗੋਲੀ ਮੁੱਖ ਗੇਟ ਉਪਰ ਲੱਗੀ ਅਤੇ ਇਕ ਗੋਲੀ ਘਰ ਦੇ ਬਨੇਰੇ ’ਚ ਲੱਗੀ ਅਤੇ ਉਹ ਵਾਲ ਵਾਲ ਬਚ ਗਿਆ ਅਤੇ ਫ਼ਿਰ ਇਹ ਅਣਪਛਾਤੇ ਮੌਕੇ ਤੋਂ ਫਰਾਰ ਹੋ ਗਏ। 

ਸਰਕਾਰ ਦੀਆਂ ਨਵੀਆਂ ਹਦਾਇਤਾਂ ਤੋਂ ਖਫ਼ਾ ਦੁਕਾਨਦਾਰ, ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਕੀਤਾ ਜਾਮ

ਅਮਰ ਸਿੰਘ ਨੇ ਦੱਸਿਆ ਕਿ ਕਈ ਦਿਨ ਪਹਿਲਾਂ 7 ਅਪ੍ਰੈਲ ਨੂੰ ਉਸ ਦੇ ਮੋਬਾਇਲ ਫੋਨ ਉਪਰ ਆਈ ਇਕ ਵਟਸ ਐਪ ਕਾਲ ਉਪਰ ਕਿਸੇ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਨੂੰ ਗਾਲੀ ਗਲੋਚ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਸ ਤੋਂ 4 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜੋ ਕਿ ਆਪਣਾ ਨਾਮ ਫਤਿਹ ਸਿੰਘ ਨਾਗਰੀ ਦੱਸਦਾ ਸੀ ਨੇ ਉਸ ਨੂੰ ਕਈ ਵਾਰ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਸੰਬੰਧੀ ਉਨ੍ਹਾਂ ਪਹਿਲਾਂ ਸਥਾਨਕ ਪੁਲਸ ਨੂੰ ਅਤੇ ਫਿਰ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕੀਤੀ ਸੀ। ਜਿਸ ਦੇ ਆਧਾਰ ’ਤੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੇ ਇਸ ਦੀ ਜਾਂਚ ਲਈ ਡੀ.ਐਸ.ਪੀ ਦਿੜਬਾ ਦੀ ਡਿਊਟੀ ਲਗਾਈ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਉਪਰ ਅਣਪਛਾਤਿਆਂ ਵੱਲੋਂ ਉਨ੍ਹਾਂ ਨੂੰ  ਜਾਨੋ ਮਾਰਨ ਦੀ ਨੀਯਤ ਨਾਲ ਫਾਇਰਿੰਗ ਕਰਕੇ ਕੀਤੇ ਹਮਲੇ ਨਾਲ ਪੂਰਾ ਪਰਿਵਾਰ ਘਬਰਾਹਟ ’ਚ ਅਤੇ ਬਹੁਤ ਜ਼ਿਆਦਾ ਡਰਿਆ ਅਤੇ ਸਹਿਮਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ

ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆਂ ਲਈ ਉਚੇਚੇ ਪ੍ਰਬੰਧ ਕੀਤੇ ਜਾਣ ਅਤੇ ਇਨ੍ਹਾਂ ਫਿਰੌਤੀ ਮੰਗਣ ਵਾਲੇ ਅਤੇ ਘਰ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ’ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਸਨ। ਜਿਸ ’ਚ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਸਿਰ ਢੱਕੇ ਹੋਏ ਸਨ ਆਉਂਦੇ ਦਿਖਾਈ ਦੇ ਰਹੇ ਹਨ। ਇਸ ਮੌਕੇ ਡੀ.ਐਸ.ਪੀ ਭਵਾਨੀਗੜ੍ਹ ਸ. ਸੁਖਰਾਜ ਸਿੰਘ ਘੁੰਮਣ ਅਤੇ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਉਪਰ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਡੀ.ਐਸ.ਪੀ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਪਰਿਵਾਰ ਨੂੰ ਪੂਰੀ ਸੁਰੱਖਿਆਂ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News