ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ 2 ਰੇਹੜੀ ਵਾਲਿਆਂ ਦੀ ਕੀਤੀ ਕੁੱਟ-ਮਾਰ, 1 ਦੀ ਮੌਤ

Wednesday, Jul 22, 2020 - 12:09 AM (IST)

ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ 2 ਰੇਹੜੀ ਵਾਲਿਆਂ ਦੀ ਕੀਤੀ ਕੁੱਟ-ਮਾਰ, 1 ਦੀ ਮੌਤ

ਮੁੱਲਾਂਪੁਰ ਦਾਖਾ,(ਕਾਲੀਆ)- ਸਥਾਨਕ ਗੁਰਮਤਿ ਭਵਨ ਕੋਲ ਜਾਮਣ ਅਤੇ ਛੱਲੀਆਂ ਵੇਚਣ ਵਾਲੇ ਰੇਹੜੀ ਮਾਲਕਾਂ ’ਤੇ 3 ਮੋਟਰਸਾਈਕਲਾਂ ’ਤੇ ਆਏ 6 ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਜਾਮਣ ਵੇਚਣ ਵਾਲਾ ਕ੍ਰਿਸ਼ਨ ਕੁਮਾਰ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ, ਜਦਕਿ ਛੱਲੀਆਂ ਵੇਚਣ ਵਾਲਾ ਰਵਿੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਥਾਣਾ ਦਾਖਾ ਦੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਜ਼ੇਰੇ ਧਾਰਾ 302, 148, 149 ਤਹਿਤ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਦਾਖਾ ਦੇ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ 20 ਜੁਲਾਈ ਦੀ ਸ਼ਾਮ ਨੂੰ ਮ੍ਰਿਤਕ ਕ੍ਰਿਸ਼ਨ ਕੁਮਾਰ ਪੁੱਤਰ ਰਾਮਫਲ ਵਾਸੀ ਅਾਜ਼ਾਦ ਨਗਰ ਜਾਮਣ ਦੀ ਰੇਹੜੀ ਗੁਰਮਤਿ ਭਵਨ ਨੇੜੇ ਸਰਵਿਸ ਰੋਡ ’ਤੇ ਲਗਾ ਕੇ ਜਾਮਣ ਵੇਚ ਰਿਹਾ ਸੀ ਤਾਂ 3 ਮੋਟਰਸਾਈਕਲਾਂ ’ਤੇ 6 ਹਥਿਆਰਬੰਦ ਜਿਨ੍ਹਾਂ ਨੇ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ, ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਦਕਿ ਰਵਿੰਦਰ ਕੁਮਾਰ ਉਸ ਦੀ ਮਦਦ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ। ਕ੍ਰਿਸ਼ਨ ਕੁਮਾਰ ਨੂੰ ਸਿਵਲ ਹਸਪਤਾਲ ਮੁੱਲਾਂਪੁਰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਜਦੋਂ ਉਹ ਰਜਿੰਦਰਾ ਹਸਪਤਾਲ ਲਿਜਾ ਰਹੇ ਸਨ ਤਾਂ ਉਹ ਰਸਤੇ ’ਚ ਦਮ ਤੋੜ ਗਿਆ। ਮ੍ਰਿਤਕ ਦੇ ਪੁੱਤਰ ਰੋਹਿਤ ਕੁਮਾਰ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਜਾਇਜ਼ਾ ਲੈਣ ਲਈ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਘਟਨਾ ਸਥਾਨ ’ਤੇ ਪਹੁੰਚੇ ਅਤੇ ਸਾਰੇ ਮਾਮਲੇ ਦੀ ਜਾਂਚ ਇੰਸ. ਪ੍ਰੇਮ ਸਿੰਘ ਕਰ ਰਹੇ ਹਨ।


author

Bharat Thapa

Content Editor

Related News