ਕਤਲ ਜਾਂ ਹਾਦਸਾ? ਲਸਾੜਾ ਡਰੇਨ ’ਚੋਂ ਦੋ ਦਿਨਾਂ ਤੋਂ ਲਾਪਤਾ ਠੇਕੇਦਾਰ ਦੀ ਗਲੀ-ਸੜੀ ਲਾਸ਼ ਬਰਾਮਦ
Wednesday, Jun 10, 2026 - 12:42 AM (IST)
ਬਠਿੰਡਾ (ਮਨਜੀਤ, ਵਿਜੇ) - ਸੰਗਤ ਮੰਡੀ ’ਚ ਪੈਂਦੇ ਪਿੰਡ ਮਛਾਣਾ ਵਿਖੇ ਸਥਿਤ ਸ਼ਰਾਬ ਫੈਕਟਰੀ ’ਚ ਠੇਕੇਦਾਰ ਵਜੋਂ ਕੰਮ ਕਰਦੇ ਇਕ ਪ੍ਰਵਾਸੀ ਵਿਅਕਤੀ ਦੀ ਦੋ ਦਿਨਾਂ ਤੋਂ ਲਾਪਤਾ ਹੋਣ ਮਗਰੋਂ ਲਸਾੜਾ ਡਰੇਨ ਵਿਚੋਂ ਗਲੀ-ਸੜੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਫਤਿਹ ਸਿੰਘ ਪੁੱਤਰ ਤੁਰਕ ਸਿੰਘ ਵਾਸੀ ਭਰਤਪੁਰ ਵਜੋਂ ਹੋਈ ਹੈ, ਜੋ ਪਿਛਲੇ ਕਈ ਸਾਲਾਂ ਤੋਂ ਮਛਾਣਾ ਵਿਖੇ ਲੱਗੀ ਸ਼ਰਾਬ ਫੈਕਟਰੀ ਵਿਚ ਠੇਕੇਦਾਰ ਵਜੋਂ ਕੰਮ ਕਰ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ. ਹਰਵਿੰਦਰ ਸਿੰਘ ਸਰਾਂ, ਥਾਣਾ ਸੰਗਤ ਦੀ ਪੁਲਸ ਅਤੇ ਫੋਰੈਂਸਿਕ ਜਾਂਚ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਮਾਮਲੇ ਦੇ ਹਰ ਪਹਿਲੂ ਨੂੰ ਧਿਆਨ ਵਿਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
ਜਾਣਕਾਰੀ ਅਨੁਸਾਰ ਫਤਿਹ ਸਿੰਘ ਦੇ ਅਧੀਨ ਕਰੀਬ 50 ਮਜ਼ਦੂਰ ਕੰਮ ਕਰਦੇ ਸਨ। ਉਹ 7 ਜੂਨ ਤੋਂ ਲਾਪਤਾ ਸੀ ਅਤੇ ਪਰਿਵਾਰ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਸ਼ਾਮ ਉਸ ਦੀ ਲਾਸ਼ ਪਿੰਡ ਮਛਾਣਾ ਨੇੜੇ ਲਸਾੜਾ ਡਰੇਨ ਵਿਚੋਂ ਬਰਾਮਦ ਹੋਈ। ਲਾਸ਼ ਕਾਫੀ ਗਲੀ-ਸੜੀ ਹਾਲਤ ’ਚ ਸੀ, ਜਿਸ ਕਾਰਨ ਮੌਤ ਦੇ ਕਾਰਨਾਂ ਬਾਰੇ ਤੁਰੰਤ ਕੁਝ ਕਹਿਣਾ ਸੰਭਵ ਨਹੀਂ ਹੋ ਸਕਿਆ।
ਮ੍ਰਿਤਕ ਦੇ ਪੁੱਤਰ ਕੌਸ਼ਲ ਨੇ ਦੱਸਿਆ ਕਿ ਉਸ ਦੀ ਆਪਣੇ ਪਿਤਾ ਨਾਲ ਆਖਰੀ ਵਾਰ 7 ਜੂਨ ਦੀ ਸਵੇਰ ਕਰੀਬ 8 ਵਜੇ ਗੱਲਬਾਤ ਹੋਈ ਸੀ। ਉਸ ਸਮੇਂ ਫਤਿਹ ਸਿੰਘ ਨੇ ਦੱਸਿਆ ਸੀ ਕਿ ਉਹ ਫੈਕਟਰੀ ’ਚ ਕੰਮ ਕਰ ਰਹੇ ਹਨ ਅਤੇ ਦੁਪਹਿਰ ਕਰੀਬ 12 ਵਜੇ ਘਰ ਆ ਜਾਣਗੇ ਪਰ ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੇ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਪਰਕ ਹੋ ਸਕਿਆ।
ਕੌਸ਼ਲ ਨੇ ਦੱਸਿਆ ਕਿ ਪਰਿਵਾਰ ਵੱਲੋਂ ਦੋ ਦਿਨਾਂ ਤੋਂ ਆਪਣੇ ਪਿਤਾ ਦੀ ਹਰ ਸੰਭਵ ਥਾਂ ’ਤੇ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਸ਼ਾਮ ਜਦੋਂ ਉਹ ਲਸਾੜਾ ਡਰੇਨ ਦੀ ਪਟੜੀ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਨਜ਼ਰ ਡਰੇਨ ’ਚ ਪਈ ਇਕ ਲਾਸ਼ ’ਤੇ ਪਈ। ਨੇੜੇ ਜਾ ਕੇ ਦੇਖਣ ’ਤੇ ਲਾਸ਼ ਉਨ੍ਹਾਂ ਦੇ ਪਿਤਾ ਦੀ ਨਿਕਲੀ। ਇਸ ਮਗਰੋਂ ਉਨ੍ਹਾਂ ਤੁਰੰਤ ਥਾਣਾ ਸੰਗਤ ਦੀ ਪੁਲਸ ਨੂੰ ਸੂਚਿਤ ਕੀਤਾ।
ਡੀ.ਐੱਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੂੰ ਡਰੇਨ ਵਿਚ ਇਕ ਗਲੀ-ਸੜੀ ਲਾਸ਼ ਹੋਣ ਦੀ ਸੂਚਨਾ ਮਿਲੀ ਸੀ। ਇਸ ਉਪਰੰਤ ਪੁਲਸ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਲਾਸ਼ ਕਾਫੀ ਹੱਦ ਤਕ ਸੜ ਚੁੱਕੀ ਸੀ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਤ ਕਿਸੇ ਕਤਲ ਦਾ ਨਤੀਜਾ ਹੈ ਜਾਂ ਫਿਰ ਡਰੇਨ ’ਚ ਡਿੱਗਣ ਕਾਰਨ ਹੋਈ ਹੈ।
ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
