ਸੜਕ ਹਾਦਸੇ ਦਾ ਸ਼ਿਕਾਰ ਹੋਏ ਅਗਨੀਵੀਰ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

Tuesday, Jun 16, 2026 - 08:39 PM (IST)

ਸੜਕ ਹਾਦਸੇ ਦਾ ਸ਼ਿਕਾਰ ਹੋਏ ਅਗਨੀਵੀਰ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਬਰੇਟਾ, (ਬਾਂਸਲ)- ਨੇੜਲੇ ਪਿੰਡ ਮੰਡੇਰ ਦੇ ਨੌਜਵਾਨ ਫੌਜੀ ਬਲਬੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਬੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਮੰਡੇਰ ਛੁੱਟੀ ਕੱਟਣ ਲਈ ਪਿੰਡ ਆ ਰਿਹਾ ਸੀ, ਰਸਤੇ ਵਿੱਚ ਮਾਨਸਾ ਰੋਡ ਉੱਪਰ ਹੋਏ ਸੜਕ ਹਾਦਸੇ ਦੌਰਾਨ ਉਸਦੀ ਮੌਤ ਹੋ ਗਈ। ਬਲਬੀਰ ਸਿੰਘ ਅਗਨੀਵੀਰ ਯੋਜਨਾ ਦੇ ਪਹਿਲੇ ਬੈਚ ਦਾ ਜਵਾਨ ਸੀ ਅਤੇ ਭਾਰਤੀ ਫ਼ੌਜ ਦੀ 62 ਮੀਡੀਅਮ ਆਰਟਲਰੀ ਯੂਨਿਟ ਵਿੱਚ ਤਾਇਨਾਤ ਸੀ। 

ਅੰਤਿਮ ਸਸਕਾਰ ਮੌਕੇ 62 ਮੀਡੀਅਮ ਆਰਟਲਰੀ ਦੇ ਸੂਬੇਦਾਰ ਭਗਵੰਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ 15 ਆਰਮਡ ਰੈਜੀਮੈਂਟ ਦੇ ਕੈਪਟਨ ਪ੍ਰਕਾਸ਼ ਕੁਮਾਰ ਗਾਰਡ ਆਫ਼ ਆਨਰ ਦੀ ਅਗਵਾਈ ਲਈ ਮੌਕੇ ’ਤੇ ਹਾਜ਼ਰ ਹੋਏ। ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕੁਲਦੀਪ ਕੌਰ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਫ਼ੌਜ ਵੱਲੋਂ ਬਲਬੀਰ ਸਿੰਘ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ ਗਈ।

PunjabKesari

ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪੂਰੇ ਇਲਾਕਾ ਵਾਸੀਆਂ ਵੱਲੋਂ “ਸ਼ਹੀਦ ਬਲਬੀਰ ਸਿੰਘ ਅਮਰ ਰਹੇ”, “ਭਾਰਤ ਮਾਤਾ ਕੀ ਜੈ” ਅਤੇ “ਜੈ ਹਿੰਦ” ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਦੁਖਦਾਈ ਘਟਨਾ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਬਲਬੀਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਇੱਕ ਭਰਾ ਅਤੇ ਇੱਕ ਭੈਣ ਛੱਡ ਗਏ ਹਨ।  ਪਿੰਡ ਮੰਡੇਰ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਬਣਦੇ ਆਰਥਿਕ ਲਾਭ ਅਤੇ ਹੋਰ ਸਹਾਇਤਾ ਦਿੱਤੀ ਜਾਵੇ।


author

Rakesh

Content Editor

Related News