ਬਰਨਾਲਾ 'ਚ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ, ਕਿਸੇ ਦੇ ਫੱਟੇ ਕੱਪੜੇ ਤੇ ਕਈ ਹੋ ਗਏ ਬੇਹੋਸ਼ (ਤਸਵੀਰਾਂ)
Sunday, May 08, 2022 - 04:12 PM (IST)
ਬਰਨਾਲਾ (ਪੁਨੀਤ) : ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਕੇਸਰੀ ਰੰਗ ਦੀਆਂ ਪੱਗਾਂ ਅਤੇ ਚੁੰਨ੍ਹੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨਾਲ ਪੁਲਸ ਦੀ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕਈ ਅਧਿਆਪਕਾਂ ਦੇ ਕੱਪੜੇ ਤੱਕ ਫਟ ਗਏ ਅਤੇ ਕਈ ਅਧਿਆਪਕ ਬੇਹੋਸ਼ ਹੋ ਗਏ।
ਪੁਲਸ ਵੱਲੋਂ ਉਕਤ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਨਾ-ਪ੍ਰਦਰਸ਼ਨ ਕਰ ਰਹੇ ਗ੍ਰਿਫ਼ਤਾਰ ਹੋਏ ਪੀ. ਟੀ. ਆਈ. ਅਧਿਆਪਕਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੀ. ਟੀ. ਆਈ. ਅਧਿਆਪਕਾਂ ਲਈ 2000 ਪੋਸਟਾਂ ਕੱਢੀਆਂ ਗਈਆਂ ਸਨ ਪਰ ਹੁਣ ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਪੋਸਟਾਂ ਸਬੰਧੀ ਪੋਰਟਲ ਨਹੀਂ ਖੋਲ੍ਹਿਆ ਗਿਆ ਹੈ। ਇਸ ਸਬੰਧੀ ਉਹ ਅੱਜ ਸਿੱਖਿਆ ਮੰਤਰੀ ਨਾਲ ਗੱਲ ਕਰਨ ਲਈ ਆਏ ਸਨ ਪਰ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਬਜਾਏ ਪੁਲਸ ਕੋਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਕਰਵਾਈ, ਜਿਸ ਕਾਰਨ ਉਨ੍ਹਾਂ ਦੇ ਕਈ ਅਧਿਆਪਕ ਜ਼ਖਮੀ ਹੋ ਗਏ ਅਤੇ ਕਈ ਸੜਕ 'ਤੇ ਬੇਹੋਸ਼ ਹੋ ਗਏ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਹੇਅਰ ਡਰੈੱਸਰ ਦਾ ਉਸਤਰੇ ਨਾਲ ਗਲਾ ਵੱਢ ਕੀਤਾ ਕਤਲ
ਉਨ੍ਹਾਂ ਨੇ ਕਿਹਾ ਕਿ ਅੱਜ ਬਸੰਤੀ ਰੰਗ ਦੀਆਂ ਪੱਗਾਂ ਅਤੇ ਚੁੰਨ੍ਹੀਆਂ ਪੁਲਸ ਨੇ ਸੜਕ 'ਤੇ ਸੁੱਟ ਦਿੱਤੀਆਂ। ਅਧਿਆਪਕਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ਅਤੇ ਬਸੰਤੀ ਰੰਗ ਦਾ ਚੋਲਾ ਪਾ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਜੋ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ, ਉਹ ਪਹਿਲਾਂ ਕਿਸੇ ਵੀ ਸਰਕਾਰ 'ਚ ਨਹੀਂ ਹੋਈਆਂ।
ਉਨ੍ਹਾਂ ਕਿਹਾ ਕਿ ਅੱਜ ਬਸੰਤੀ ਰੰਗ ਦਾ ਜੋ ਅਪਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡੰਡੇ ਮਾਰੇ ਹਨ, ਇਹ ਅੱਤਿਆਚਰ ਕਦੇ ਅੰਗਰੇਜ਼ਾਂ ਤੱਕ ਨੇ ਵੀ ਨਹੀਂ ਕੀਤਾ ਸੀ। ਉਕਤ ਅਧਿਆਪਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ