ਬੇਰੁਜ਼ਗਾਰ ਨੌਜਵਾਨਾਂ ’ਤੇ ਹੋ ਰਹੇ ਅੰਨ੍ਹੇ ਤਸ਼ੱਦਦ : ਵਿਨਰਜੀਤ ਗੋਲਡੀ
Tuesday, Dec 14, 2021 - 11:07 PM (IST)
ਸੰਗਰੂਰ (ਸਿੰਗਲਾ)-ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ’ਚ ਬੇਰੁਜ਼ਗਾਰ ਅਧਿਆਪਕਾਂ ’ਤੇ ਹੋਈ ਪੁਲਸ ਕਾਰਵਾਈ ਦੀ ਕਰੜੀ ਆਲੋਚਨਾ ਕੀਤੀ ਹੈ। ਗੋਲਡੀ ਨੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਇਕ ਪਾਸੇ ਸਿੰਗਲਾ ਖਾਲੀ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣਗੇ ਪਰ ਦੂਜੇ ਪਾਸੇ ਆਪਣੀ ਸਰਕਾਰ ਤੋਂ ਰੋਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਇਸ ਤਰ੍ਹਾਂ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਕੁਝ ਵੀ ਸੰਗਰੂਰ ਵਿਖੇ ਵਾਪਰਿਆ ਹੈ, ਉਹ ਬਹੁਤ ਹੀ ਨਿੰਦਣਯੋਗ ਹੈ।
ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ਵੇਲੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਗੋਲਡੀ ਨੇ ਕਿਹਾ ਕਿ ਪੰਜਾਬ ’ਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਉਹ ਇਥੋਂ ਪਤਾ ਲੱਗ ਰਿਹਾ ਹੈ ਕਿ ਇਨ੍ਹਾਂ ਦੀਆਂ ਰੈਲੀਆਂ ’ਚ ਸ਼ਰੇਆਮ ਬੇਰੁਜ਼ਗਾਰ ਪੁੱਜਣ ਲੱਗੇ ਹਨ। ਕਾਂਗਰਸੀਆਂ ਨੂੰ ਆਪਣੀਆਂ ਰੈਲੀਆਂ ’ਚ ਇਕੱਠ ਦਿਖਾਉਣ ਲਈ ਦੂਜੇ ਹਲਕਿਆਂ ’ਚੋਂ ਦਿਹਾੜੀ ’ਤੇ ਵਰਕਰ ਬੁਲਾਉਣੇ ਪੈ ਰਹੇ ਹਨ। ਗੋਲਡੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕ ਹਿਤੈਸ਼ੀ ਕੰਮ ਕੀਤੇ ਹੁੰਦੇ ਤਾਂ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਸੀ ਪੈਣੀ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਅਕਾਲੀ ਤੇ ਬਸਪਾ ਆਗੂ ਮੌਜੂਦ ਸਨ।