ਬੇਰੁਜ਼ਗਾਰ ਅਧਿਆਪਕ ਮੋਬਾਇਲ ਟਾਵਰ ’ਤੇ ਚੜ੍ਹੇ, ਸਰਕਾਰ ਤੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ
Sunday, Jul 31, 2022 - 04:30 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਪੀ. ਟੀ. ਆਈ . 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵਿਅਕਤੀ ਅੱਜ ਪਟਿਆਲਾ ਮੁੱਖ ਮਾਰਗ ’ਤੇ ਕਚਹਿਰੀ ਦੇ ਨੇੜੇ ਇਕ ਮੋਬਾਇਲ ਟਾਵਰ ’ਤੇ ਆਪਣੀ ਮੰਗਾਂ ਨੂੰ ਲੈ ਕੇ ਚੜ੍ਹ ਗਏ ਅਤੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਟਾਵਰ ਤੋਂ ਹੇਠਾਂ ਉੱਤਰ ਆਏ। ਇਸ ਮੌਕੇ ਅੰਗਰੇਜ਼ ਰਾਮ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਸਾਡੀਆਂ ਪੋਸਟਾਂ ਆਈਆਂ ਸੀ, ਅੱਜ ਪੂਰੇ ਗਿਆਰਾਂ ਸਾਲ ਹੋ ਚੁੱਕੇ ਹਨ ਸਾਨੂੰ ਧੱਕੇ ਖਾਂਦਿਆਂ ਨੂੰ। ਮੁੱਖ ਮੰਤਰੀ ਸਾਹਿਬ ਨੇ ਸਾਡੀ ਇਕ ਭੈਣ ਨੂੰ ਮੋਹਾਲੀ ਵਿਖੇ ਟਾਵਰ ਤੋਂ ਭਰੋਸਾ ਦੇ ਕੇ ਉਤਰਵਾਇਆ ਸੀ ਕਿ ਪਹਿਲ ਦੇ ਅਧਾਰ ’ਤੇ ਸਾਡੀ ਸਰਕਾਰ ਆਉਣ ’ਤੇ ਤੁਹਾਡਾ ਹੱਲ ਕੀਤਾ ਜਾਵੇਗਾ ਪਰ ਅੱਜ ਸਿੱਖਿਆ ਵਿਭਾਗ ਐਫੀਡੇਵਿਟ ਦੇ ਕੇ ਇਹ ਪੋਸਟਾਂ ਰੱਦ ਕਰਵਾਉਣ ਜਾ ਰਿਹਾ ਹੈ। ਇਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਚਾਰ ਅਗਸਤ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਅਗਸਤ ਨੂੰ ਵੱਖ-ਵੱਖ ਥਾਵਾਂ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਇਨ੍ਹਾਂ ਦਾ ਕਾਫੀ ਲੰਬੇ ਸਮੇਂ ਤੋਂ ਭਰਤੀ ਨੂੰ ਲੈ ਕੇ ਲੀਗਲ ਕਾਰਵਾਈ ਵੀ ਚੱਲ ਰਹੀ ਹੈ ਅਤੇ ਇਨ੍ਹਾਂ ਦਾ ਆਉਣ ਵਾਲੀ ਚਾਰ ਤਾਰੀਖ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣੀ ਸੀ ਪਰ ਅੱਜ ਇਹ ਇੱਥੇ ਟਾਵਰ ’ਤੇ ਚੜ੍ਹ ਗਏ। ਇਨ੍ਹਾਂ ਦੇ ਸੀਨੀਅਰ ਮੈਂਬਰਾਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਇਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ। ਪੁਲਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ।