ਬਿਜਲੀ ਬੋਰਡ ''ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ''ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ

Wednesday, Aug 24, 2022 - 03:24 AM (IST)

ਬਿਜਲੀ ਬੋਰਡ ''ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ''ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ

ਪਟਿਆਲਾ (ਕੰਵਲਜੀਤ ਕੰਬੋਜ) : ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਬੋਰਡ ਅੰਦਰ ਧਰਨੇ 'ਤੇ ਬੈਠੇ ਬੇਰੁਜ਼ਗਾਰ ਲਾਈਨਮੈਨ ਵਰਕਰ ਯੂਨੀਅਨ ਦੇ ਆਗੂਆਂ 'ਤੇ ਲਾਠੀਚਾਰਜ ਕੀਤਾ ਗਿਆ। ਪੁਲਸ ਨੇ ਭਜਾ-ਭਜਾ ਕੇ ਬੇਰੁਜ਼ਗਾਰ ਕੁੱਟੇ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਹਫਤਿਆਂ ਤੋਂ ਬੇਰੁਜ਼ਗਾਰ ਲਾਈਨਮੈਨਾਂ ਨੇ ਪਾਵਰਕਾਮ ਦੇ ਮੁੱਖ ਗੇਟ 'ਤੇ ਧਰਨਾ ਲਗਾਇਆ ਹੋਇਆ ਸੀ ਪਰ ਮੰਗਲਵਾਰ ਬੇਰੁਜ਼ਗਾਰ ਲਾਈਨਮੈਨਾਂ ਦਾ ਰੋਸ ਉਸ ਸਮੇਂ ਭੜਕ ਗਿਆ ਜਦੋਂ ਲਾਈਨਮੈਨ ਯੂਨੀਅਨ ਦੇ ਵਰਕਰਾਂ ਦੀ ਰੁਜ਼ਗਾਰ ਦੀ ਮੰਗ ਵੱਲ ਬਿਜਲੀ ਬੋਰਡ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ ਸੀ ਤੇ ਉਸੇ ਦੇ ਚੱਲਦੇ ਯੂਨੀਅਨ ਦੇ ਮੈਂਬਰਾਂ ਨੇ ਤਿੰਨੋਂ ਗੇਟਾਂ 'ਤੇ ਘੇਰਾ ਪਾ ਕੇ ਧਰਨਾ ਲਗਾ ਲਿਆ ਸੀ। ਵਰਕਰਾਂ ਵੱਲੋਂ ਮੁੱਖ ਗੇਟ ਦੇ ਅੰਦਰ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿੱਥੇ ਕਿ ਪੁਲਸ ਪ੍ਰਸ਼ਾਸਨ ਨੇ ਕਈ ਵਾਰ ਅਪੀਲ ਵੀ ਕੀਤੀ ਕਿ ਤੁਸੀਂ ਬਾਹਰ ਜਾ ਕੇ ਧਰਨਾ ਲਗਾਓ ਪਰ ਬੇਰੁਜ਼ਗਾਰਾਂ ਵੱਲੋਂ ਇਹ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਗੇਟ ਖੁੱਲ੍ਹਵਾਉਣ ਲਈ ਲਾਠੀਚਾਰਜ ਕੀਤਾ ਗਿਆ।

ਇਹ ਵੀ ਪੜ੍ਹੋ : ਜੰਡਿਆਲਾ: ਨਸ਼ੇ 'ਚ ਧੁੱਤ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਕੀਤੀ ਫਾਇਰਿੰਗ (ਵੀਡੀਓ)

ਪੁਲਸ ਮੁਲਾਜ਼ਮਾਂ ਨੇ 100 ਦੇ ਕਰੀਬ ਵਰਕਰਾਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਲਾਠੀਚਾਰਜ 'ਚ ਪ੍ਰਦਰਸ਼ਨ ਕਰ ਰਹੇ ਕਈ ਵਰਕਰਾਂ ਦੀਆਂ ਪੱਗਾਂ ਵੀ ਉਤਰੀਆਂ ਤੇ ਕਈਆਂ ਦੀ ਚੱਪਲਾਂ ਵੀ ਲਹਿ ਗਈਆਂ। ਪ੍ਰਦਰਸ਼ਨਕਾਰੀ ਵਰਕਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਆਪਣੀ ਇਕੋ ਹੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਾਡਾ ਜਬਰੀ ਟੈਸਟ ਜੋ ਲਿਆ ਜਾ ਰਿਹਾ ਹੈ, ਉਸ ਨੂੰ ਰੱਦ ਕੀਤਾ ਜਾਵੇ। ਅਸੀਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਅਸੀਂ ਅੱਜ ਆਪਣੇ ਪ੍ਰਦਰਸ਼ਨ ਨੂੰ ਵਧਾਇਆ ਤਾਂ ਮੈਨੇਜਮੈਂਟ ਅਤੇ ਪੁਲਸ ਪ੍ਰਸ਼ਾਸਨ ਨੇ ਸਾਡੇ 'ਤੇ ਲਾਠੀਚਾਰਜ ਕੀਤਾ। ਸਾਡੀਆਂ ਪੱਗਾਂ ਉਤਾਰੀਆਂ, ਭਜਾ-ਭਜਾ ਕੇ ਕੁੱਟਿਆ। ਦੂਜੇ ਪਾਸੇ ਡੀ.ਐੱਸ.ਪੀ. ਸਿਟੀ ਸੰਜੀਵ ਸਿੰਗਲਾ ਦਾ ਕਹਿਣਾ ਸੀ ਕਿ ਸਾਡੇ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਅਸੀਂ ਕਈ ਵਾਰ ਸਵੇਰ ਤੋਂ ਇਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀਂ ਬਾਹਰ ਧਰਨਾ ਲਗਾਓ ਪਰ ਇਹ ਪਹਿਲਾਂ ਗੇਟ ਦੇ ਅੰਦਰ ਵੜ ਗਏ ਤੇ ਧਰਨਾ ਲਗਾਇਆ, ਹੁਣ ਇਹ ਅੰਦਰ ਦਫ਼ਤਰਾਂ ਦੇ ਕਮਰਿਆਂ ਵਿਚ ਜਾਣ ਲੱਗੇ ਸਨ, ਜਿਸ ਕਰਕੇ ਇਨ੍ਹਾਂ ਨੂੰ ਰੋਕਿਆ ਤੇ ਉਸੇ ਕਰਕੇ ਲਾਠੀਚਾਰਜ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News